ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 14 ਜੂਨ
ਬਲਾਕ ਜ਼ੀਰਾ ਦੇ ਪਿੰਡ ਲਹੁਕੇ ਖੁਰਦ, ਬੂੜੇਵਾਲਾ, ਅਲੀਪੁਰ, ਜੌੜਾ, ਬਸਤੀ ਖੁਸ਼ਹਾਲ ਸਿੰਘ ਵਾਲੀ, ਵਲਟੋਹਾ, ਭਾਗੋਕੇ ਆਦਿ ਦੇ ਲੋਕਾਂ ਨੇ ਠੱਠਾ ਸਾਹਿਬ, ਨਾਰੰਗ ਸਿੰਘ ਵਾਲਾ ਤੋਂ ਹੁੰਦਿਆਂ ਪਿੰਡ ਅਲੀਪੁਰ ਤੋਂ ਜੌੜੇ ਵਿੱਚੋਂ ਲੰਘਦੇ ਸੇਮ ਨਾਲੇ ਨੂੰ ਸਾਫ਼ ਕਰਵਾਉਣ ਦੀ ਮੰਗ ਕੀਤੀ ਹੈ ਜੋ ਲਗਭਗ 11 ਸਾਲਾਂ ਤੋਂ ਬੰਦ ਪਿਆ ਹੈ। ਪਿੰਡ ਲਹੁਕੇ ਖੁਰਦ ਦੇ ਸਰਪੰਚ ਜਸਵੰਤ ਸਿੰਘ ਅਤੇ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੇਮ ਨਾਲੇ ਦੀ ਸਫ਼ਾਈ ਕੀਤਿਆਂ ਲਗਭਗ 11 ਸਾਲ ਦਾ ਸਮਾਂ ਲੰਘ ਚੁੱਕਾ ਹੈ ਅਤੇ ਸਫ਼ਾਈ ਕਰਵਾਉਣ ਲਈ ਪਿੰਡਾਂ ਦੇ ਲੋਕਾਂ ਨੇ ਸਰਕਾਰਾਂ ਨੂੰ ਲਿਖ਼ਤੀ ਤੌਰ ’ਤੇ ਸਫ਼ਾਈ ਕਰਵਾਉਣ ਦੀ ਕਈ ਵਾਰ ਮੰਗ ਕੀਤੀ, ਪਰ ਸਰਕਾਰ, ਪ੍ਰਸ਼ਾਸਨ ਤੇ ਮਹਿਕਮੇ ਦੇ ਕੰਨਾਂ ’ਤੇ ਜੂੰਅ ਤੱਕ ਨਹੀਂ ਸਰਕੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਾਸੋਂ ਮੰਗ ਕੀਤੀ ਕਿ ਇਸ ਸੇਮ ਨਾਲੇ ਦੀ ਠੱਠਾ ਸਾਹਿਬ ਤੋਂ ਜੋੜੇ ਪਿੰਡ ਤੱਕ ਸਫਾਈ ਕਰਵਾਈ ਜਾਵੇ ਅਤੇ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਫ਼ਾਈ ਨਾ ਕਰਵਾਈ ਗਈ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ।
ਸਫ਼ਾਈ ਕਰਵਾਉਣ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤੇ: ਐੱਸਡੀਓ
ਡਰੇਜ਼ਨ ਵਿਭਾਗ ਦੇ ਐੱਸਡੀਓ ਬਲਵੀਰ ਸਿੰਘ ਨੇ ਕਿਹਾ ਕਿ ਇਸ ਡਰੇਨ ਦੀ ਸਫ਼ਾਈ ਕਰਵਾਉਣ ਲਈ ਬਲਾਕ ਪੰਚਾਇਤ ਵਿਭਾਗ ਮੱਖੂ ਨੂੰ ਨਰੇਗਾ ਰਾਹੀਂ ਕੰਮ ਕਰਵਾਉਣ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ।