ਡੇਰਾ ਪੈਰੋਕਾਰ ਹਰਦੇਵ ਗੋਬਿੰਦਗੜ੍ਹ ਨੂੰ ਬਣਾਇਆ ਬੱਲੂਆਣੇ ਤੋਂ ਅਕਾਲੀ ਦਲ ਦਾ ਉਮੀਦਵਾਰ
ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 19 ਅਕਤੂਬਰ
ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸੱਚਾ ਸੌਦਾ ਦੇ ਅੰਦਰਖਾਤੇ ਗੱਠਜੋੜ ਹੈ ਤੇ ਹੁਣ ਖੁੱਲ੍ਹ ਕੇ ਸਿਆਸੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸੱਚਾ ਸੌਦਾ ਦੇ ਮੋਹਰੀ ਆਗੂ ਹਰਦੇਵ ਸਿੰਘ ਨੁੰ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਣ ਨਾਲ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਅਕਾਲੀ ਦਲ ਦੀ ਮਦਦ ਲਈ ਉਨ੍ਹਾਂ ਨਾਲ ਤੁਰੇਗਾ। ਦੱਸਣਯੋਗ ਹੈ ਕਿ ਹਰਦੇਵ ਸਿੰਘ ਪਿਛਲੇ ਇੱਕ ਦਹਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੇ ਉਸ ਵੇਲੇ ਦੇ ਉਮੀਦਵਾਰ ਗੁਰਤੇਜ ਸਿੰਘ ਘੁੜਿਆਣਾ ਨੂੰ ਜੇਤੂ ਬਣਾਉਣ ਲਈ ਹਰਦੇਵ ਸਿੰਘ ਦੀ ਮੋਹਰੀ ਭੂਮਿਕਾ ਰਹੀ ਸੀ। ਇਕ ਦਹਾਕੇ ਤੱਕ ਕੀਤੀ ਅਕਾਲੀ ਦਲ ਦੀ ਸੇਵਾ ਦਾ ਫਲ ਹੁਣ ਹਰਦੇਵ ਸਿੰਘ ਨੂੰ ਮਿਲ ਗਿਆ ਹੈ ਅਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਦੇਵ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਟਿਕਟ ਮੰਗੀ ਸੀ ਪਰ ਇਕਦਮ ਆਖ਼ਰੀ ਮੌਕੇ ’ਤੇ ਉਨ੍ਹਾਂ ਨੂੰ ਟਿਕਟ ਲਈ ਨਾਂਹ ਹੋਣ ਦੇ ਬਾਵਜੂਦ ਹਰਦੇਵ ਸਿੰਘ ਨੇ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਪੂਰੀ ਵਾਹ ਲਾਈ ਅਤੇ ਪਾਰਟੀ ਨਾਲ ਡਟੇ ਰਹੇ। ਪਿੰਡ ਗੋਬਿੰਦਗੜ੍ਹ ਦੇ ਸਰਪੰਚ ਵਜੋਂ ਸਮਾਜ ਵਿਚ ਨਿਰਪੱਖ ਨੇਤਾ ਦੀ ਪਹਿਚਾਣ ਬਣਾਉਣ ਵਾਲੇ ਹਰਦੇਵ ਸਿੰਘ ਦਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਇਸ ਪਰਿਵਾਰ ਨੂੰ ਸਰਗਰਮ ਵੇਖਿਆ ਜਾ ਸਕਦਾ ਹੈ।
ਹਾਲਾਂਕਿ ਕਾਂਗਰਸ ਜਾਂ ਕਿਸੇ ਹੋਰ ਸਿਆਸੀ ਪਾਰਟੀਆ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਹਲਕਾ ਬੱਲੂਆਣਾ ਤੋਂ ਨਹੀਂ ਕੀਤਾ ਗਿਆ ਪਰ ਪਹਿਲੀ ਨਜ਼ਰੇ ਹਰਦੇਵ ਸਿੰਘ ਨੂੰ ਇਕ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।
ਕੈਪਸ਼ਨ; ਹਰਦੇਵ ਸਿੰਘ ਦੀ ਫਾਈਲ ਫੋਟੋ।