ਯਸ਼ ਚਟਾਨੀ
ਬਾਘਾ ਪੁਰਾਣਾ, 1 ਅਪਰੈਲ
ਦਿੱਲੀ ਦੀਆਂ ਸਰਹੱਦਾਂ ਉਪਰ ਪਿਛਲੇ ਕਈ ਮਹੀਨਿਆਂ ਤੋਂ ਮੋਰਚਾ ਗੱਡ ਕੇ ਬੈਠੇ ਕਿਸਾਨਾਂ ਦੀ ਪਿੱਠ ਥਾਪੜਨ ਵਿਚ ਭਾਵੇਂ ਦੇਸ਼ ਭਰ ਦੇ ਲੋਕਾਂ ਦੀ ਅਹਿਮ ਭੂਮਿਕਾ ਹੈ, ਪਰ ਇੱਧਰ ਸੂਬੇ ਪੰਜਾਬ ਵਿਚ ਟੋਲ ਪਲਾਜ਼ਿਆਂ, ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੋਰਨਾਂ ਕਾਰੋਬਾਰੀ ਅੱਡਿਆਂ ਉਪਰ 5-5 ਮਹੀਨਿਆਂ ਤੋਂ ਧਰਨੇ ਲਾਈ ਬੈਠੀਆਂ ਲੋਕ ਹਿੱਤੂ ਜਥੇਬੰਦੀਆਂ ਵਲੋਂ ਸੰਘਰਸ਼ ਦੀ ਮਸ਼ਾਲ ਜਗਾ ਕੇ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। ਇਥੇ ਚੰਦ ਪੁਰਾਣਾ ਦੇ ਟੋਲ ਪਲਾਜ਼ੇ ਤੋਂ ਇਲਾਵਾ ਰਿਲਾਇੰਸ ਪੰਪ ਉਪਰ ਹਜ਼ਾਰਾਂ ਦੀ ਗਿਣਤੀ ਵਿਚ ਨਾ ਸਿਰਫ਼ ਮਰਦ ਕਿਸਾਨ ਨੇਤਾ ਸਗੋਂ ਬੀਬੀਆਂ ਦੀ ਹਾਜ਼ਰੀ ਵੀ ਹਰੇਕ ਦਿਨ ਭਰਵੀਂ ਰਹਿੰਦੀ ਹੈ। ਕਿਸਾਨ ਨੇਤਾਵਾਂ ਦੀਆਂ ਰੋਹ ਭਰਪੂਰ ਤਕਦੀਰਾਂ ਜਦ ਰਾਹ ਜਾਂਦੇ ਲੋਕਾਂ ਦੇ ਕੰਨਾਂ ਵਿਚ ਪੈਂਦੀਆਂ ਹਨ ਤਾਂ ਰਾਹਗੀਰ ਵੀ ਪੂਰੀ ਗਹੁ ਨਾਲ ਕਾਲੇ ਕਾਨੂੰਨਾਂ ਦੀ ਅਸਲੀਅਤ ਨੂੰ ਸਮਝ ਕੇ ਉਨ੍ਹਾਂ ਲੋਕਾਂ ਨੂੰ ਭੰਡਦੇ ਹਨ ਜਿਹੜੇ ਅਜਿਹੇ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸ ਕੇ ਜਨਤਾ ਨੂੰ ਗੁੰਮਰਾਹ ਕਰਦੇ ਹਨ। ਧਰਨਿਆਂ ਦੀ ਅਗਵਾਈ ਕਰਦੇ ਨੇਤਾਵਾਂ ਦੀਆਂ ਅੰਕੜਿਆਂ ਸਮੇਤ ਦਿੱਤੀਆਂ ਜਾਂਦੀਆਂ ਦਲੀਲਾਂ ਮੂਹਰੇ ਭਾਜਪਾ ਨੇਤਾਵਾਂ ਅਤੇ ਮੋਦੀ ਸਰਕਾਰ ਦੀਆਂ ਗੁੰਮਰਾਹਕੁੰਨ ਦਲੀਲਾਂ ਅਸਲੋਂ ਬੌਣੀਆਂ ਅਤੇ ਫਿੱਕੀਆਂ ਪੈ ਜਾਂਦੀਆਂ ਹਨ, ਜੋ ਜਾਹਿਰ ਕਰਦੀਆਂ ਹਨ ਕਿ ਕਾਲੇ ਕਾਨੂੰਨ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਇਹ ਇਕ-ਇਕ ਖੇਤਰ ਦੇ ਲੋਕਾਂ ਦੇ ਪੈਰਾਂ ਉਪਰ ਕੁਹਾੜਾ ਹਨ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਵਾਲੇ ਹਨ।
ਬੁਢਲਾਡਾ (ਐੱਨ.ਪੀ. ਸਿੰਘ): ਇੱਥੋਂ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਜਾਰੀ ਧਰਨੇ ਨੂੰ ਸੰਬੋਧਨ ਕਰਦਿਆਂ ਡਕੌਂਦਾ ਕਿਸਾਨ ਯੂਨੀਅਨ ਦੇ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਸਰੂਪ ਸਿੰਘ ਗੁਰਨੇਕਲਾਂ, ਹਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਅਤੇ ਸਰਹੱਦਾਂ ਤੇ ਰਾਖੀ ਕਰਦੇ ਫੌਜੀ ਜਵਾਨਾਂ ਦਾ ਦੇਸ਼ ਦੀ ਆਰਥਿਕਤਾ ਅਤੇ ਸੁਰੱਖਿਆ ਦੇ ਕਾਰਜ ਵਿੱਚ ਵੱਡਾ ਯੋਗਦਾਨ ਰਿਹਾ ਹੈ। ਜਦਕਿ ਅੱਜ ਦੇਸ਼ ਦੇ ਹਾਕਮ ਹੀ ਇਨ੍ਹਾਂ ਤਿੰਨਾਂ ਸ਼ਕਤੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਰਾਹ ਪਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਅੱਜ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਬੈਠਾ ਹੋਇਆ ਹੈ, ਪਰ ਸਰਕਾਰ ਦੇ ਕੰਨਾਂ ’ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਤੋਂ ਇੰਝ ਲੱਗਦਾ ਹੈ ਕਿ ਹੁਣ ਕੇਂਦਰ ਦੀ ਸਰਕਾਰ ਲੋਕਤੰਤਰੀ ਰਾਜ ਪ੍ਰਬੰਧ ਵਿੱਚ ਲੋਕ ਨੁਮਾਇੰਦਗੀ ਕਰਨ ਦੀ ਹੱਕਦਾਰ ਨਹੀਂ ਰਹੀ।
ਬਰਨਾਲਾ (ਪੁਰਸ਼ੋਤਮ ਬੱਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਲੱਗੇ ਧਰਨੇ ਨੇ ਅੱਜ ਆਪਣਾ ਅਰਧ ਵਰ੍ਹਾ ਪੂਰਾ ਕੀਤਾ। ਮੋਰਚੇ ਦੌਰਾਨ ਅੱਜ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਵਿਸ਼ੇਸ਼ ਤੌਰ ’ਤੇ ਪੁੱਜੇ ਸ਼ਹੀਦ ਭਗਤ ਸਿੰਘ ਦੇ ਭਾਣਜਾ ਅਤੇ ਜਮਹੂਰੀ ਲਹਿਰ ਦੇ ਸਿਰਕੱਢ ਆਗੂ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਗੁੁਰੂ ਤੇਗ ਬਹਾਦਰ ਦਾ ਇਕ ਸ਼ਲੋਕ ‘ਬਲੁੁ ਹੋਆ ਬੰਧਨ ਛੁੁਟੇ ਸਭੁੁ ਕਿਛੁੁ ਹੋਤੁੁ ਉਪਾਇ’ ਭਾਵ ਜੇਕਰ ਅਸੀਂ ਬਲਸ਼ਾਲੀ ਹਾਂ ਤਾਂ ਸਭ ਮੁੁਸ਼ਕਲਾਂ ਦਾ ਹੱਲ ਸੰਭਵ ਹੈ।
ਬੁਢਲਾਡਾ ਤੋਂ ਦਿੱਲੀ ਲਈ ਕਿਸਾਨ ਜਥਾ ਰਵਾਨਾ
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਾਲਾ ਇੱਕ ਕਿਸਾਨ ਜੱਥਾ ਜੱਥੇਬੰਦੀ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਨਾਲ ਦਿੱਲੀ ਵਾਲੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾਂ ਹੋਇਆ। ਇਸ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿੱਚੋਂ ਲਗਪਗ ਡੇਢ ਦਰਜਨ ਤੋਂ ਵੱਧ ਕਿਸਾਨ ਇਸ ਜਥੇ ਵਿੱਚ ਸ਼ਾਮਲ ਸਨ। ਇੱਥੋਂ ਦਿੱਲੀ ਨੂੰ ਲੰਘਦੀ ਇੰਟਰਸਿਟੀ ਤੋਂ ਪਹਿਲਾਂ ਇਸ ਜਥੇ ਨੇ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਤੇ ਮੋਦੀ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ।
ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਉਤਸਵ ਮਨਾਇਆ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਖੇਤੀ ਸਬੰਧੀ ਤਿੰਨੇ ਕਾਨੂੰਨਾਂ ਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਵਲੋਂ ਚਲਾਇਆ ਮੋਰਚਾ 183ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਦੌਰਾਨ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਮੋਰਚੇ ਵਿਚ ਸ਼ਹੀਦ ਹੋਏ ਮੰਡੀ ਕਲਾਂ ਦੇ ਨੌਜਵਾਨ ਸੁਖਪਾਲ ਸਿੰਘ ਦੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਜੇਕਰ ਪਰਿਵਾਰ ਦੀ ਮੰਗ ਨਾ ਮੰਨੀ ਗਈ ਤਾਂ ਜਥੇਬੰਦੀ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਸੰਘਰਸ਼ ਮਘਿਆ ਹੋਇਆ ਹੈ ਤੇ ਕਿਸਾਨ ਜਥੇਬੰਦੀਆਂ ਵਲੋਂ ਪੱਕੇ ਮੋਰਚੇ ਲੱਗੇ ਹੋਏ ਹਨ ਜੋ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹਿਣਗੇ।