ਪਰਸ਼ੋਤਮ ਬੱਲੀ
ਬਰਨਾਲਾ, 15 ਮਈ
ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਖੇ ਸੰਯੁੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੱਗੇ ਪੱਕੇ-ਧਰਨੇ ਦੇ 227ਵੇਂ ਦਿਨ ਸ਼ਹੀਦ ਸੁੁਖਦੇਵ ਨੂੰ ਉਸ ਦੇ ਜਨਮ ਦਿਨ ਮੌਕੇ, ਕਿਸਾਨ ਆਗੂ ਮਹਿੰਦਰ ਟਿਕੈਤ ਨੂੰ ਉਸ ਦੀ 10ਵੀਂ ਬਰਸੀ ਮੌਕੇ ਅਤੇ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਅਭੈ ਸਿੰਘ ਸੰਧੂ (ਭਤੀਜਾ ਸ਼ਹੀਦ ਭਗਤ ਸਿੰਘ) ਦੇ ਵਿਛੋੜੇ ’ਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੰਯੁੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਗਏ ਫ਼ੈਸਲੇ ਦੀ ਕੜੀ ਵਜੋਂ 26 ਮਈ ਨੂੰ ਪਿੰਡ ਪੱਧਰ ’ਤੇ ਮੋਦੀ ਸਰਕਾਰ ਤੇ ਖੇਤੀ ਕਾਨੂੰਨਾਂ ਦੇ ਪੁੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਘਰਾਂ ਉਪਰ ਕਾਲੇ ਝੰਡੇ ਲਾ ਕੇ ਜੋਰ ਨਾਲ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕੀਤੀ ਜਾਵੇਗੀ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਮਨਜੀਤ ਰਾਜ, ਗੁੁਰਮੇਲ ਸ਼ਰਮਾ, ਪਵਿੱਤਰ ਸਿੰਘ ਲਾਲੀ, ਬਾਬੂ ਸਿੰਘ ਖੁੱਡੀ ਕਲਾਂ, ਚਰਨਜੀਤ ਕੌਰ, ਲਾਲ ਸਿੰਘ ਧਨੌਲਾ, ਹਰਚਰਨ ਸਿੰਘ ਚੰਨਾ, ਬਲਜੀਤ ਸਿੰਘ ਚੌਹਾਨਕੇ ਤੇ ਪੰਜਾਬ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਧਰਨੇ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਭਾਕਿਯੂ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਸੰਘਰਸ਼ ਕਿਸਾਨਾਂ-ਮਜ਼ਦੂਰਾਂ ਦੀ ਜਿੱਤ ਤੱਕ ਜਾਰੀ ਰਹੇਗਾ ਅਤੇ ਮਾਲਵਾ ਖੇਤਰ ’ਚੋਂ ਕਾਫ਼ਲੇ ਲਗਾਤਾਰ ਰਵਾਨਾ ਹੁੰਦੇ ਰਹਿਣਗੇ। ਇਸ ਮੌਕੇ ਮੇਜਰ ਸਿੰਘ ਦੂਲੋਵਾਲ, ਤੇਜ਼ ਸਿੰਘ ਚੁਕੇਰੀਆਂ, ਇਕਬਾਲ ਸਿੰਘ ਮਾਨਸਾ,ਸੋਮ ਦੱਤ ਸ਼ਰਮਾਂ, ਕਾਮਰੇਡ ਰਤਨ ਭੋਲਾ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਵੱਖਰੇ ਤੌਰ ’ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਚੌਹਾਨ ਦੀ ਅਗਵਾਈ ਹੇਠ ਦਿੱਲੀ ਵਿਖੇ ਕਿਸਾਨਾਂ ਦਾ ਇੱਕ ਮੋਰਚਾ ਰਵਾਨਾ ਹੋਇਆ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇੱਥੋਂ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝੇ ਕਿਸਾਨ ਮੋਰਚੇ ਤੇ ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪੈਟਰੋਲ ਪੰਪ ’ਤੇ ਅੱਜ ਮੌਸਮ ਖਰਾਬ ਹੋਣ ਦੇ ਬਾਵਜੂਦ ਜਾਰੀ ਰਿਹਾ। ਧਰਨਿਆਂ ਨੂੰ ਰਾਮਫਲ ਸਿੰਘ ਬਹਾਦਰਪੁਰ, ਤਾਰਾ ਚੰਦ ਬਰੇਟਾ, ਰੂਪ ਸਿੰਘ, ਸੁਰਜੀਤ ਕੌਰ, ਬਲਜੀਤ ਕੌਰ, ਸੁਖਵੀਰ ਸਿੰਘ, ਦਸੌਂਧਾ ਸਿੰਘ ਤੇ ਮੇਲਾ ਸਿੰਘ ਨੇ ਸੰਬੋਧਨ ਕੀਤਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇੱਥੋਂ ਦੇ ਰੇਲਵੇ ਸਟੇਸ਼ਨ ਦੇ ਪਾਰਕ ਵਿੱਚ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਮੋਰਚੇ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਬਾਵਾ, ਮੱਖਣ ਸਿੰਘ ਸੇਲਬਰਾਹ, ਤਰਨਵੀਰ ਕੌਰ ਢਪਾਲੀ ਨੇ ਸੰਬੋਧਨ ਕੀਤਾ।
ਮੀਂਹ ਕਾਰਨ ਕਿਸਾਨਾਂ ਨੇ ਵਾਹਨਾਂ ’ਚ ਜਾਰੀ ਰੱਖਿਆ ਮੋਰਚਾ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨ ਰੱਦ ਕਰਵਾਉਣ ਲਈ ਪਿਛਲੇ 227 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਲਗਾਏ ਮੋਰਚੇ ਅੱਜ ਵੀ ਜਾਰੀ ਰਹੇ। ਬਰਸਾਤੀ ਮੌਸਮ ਹੋਣ ਕਾਰਨ ਕਿਸਾਨ ਮੋਰਚਿਆਂ ਵਿੱਚ ਨਹੀਂ ਬੈਠ ਸਕੇ। ਉਨ੍ਹਾਂ ਮੋਰਚਿਆਂ ਕੋਲ ਕਾਰਾਂ ਅਤੇ ਹੋਰ ਵਹੀਕਲ ਖੜ੍ਹੇ ਕਰਕੇ ਉਨ੍ਹਾਂ ਵਿੱਚ ਹੀ ਸੰਘਰਸ਼ ਜਾਰੀ ਰੱਖਿਆ ਅਤੇ ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਗੁਰਮੇਲ ਸਿੰਘ ਅਤੇ ਮੰਦਰ ਸਿੰਘ ਨੇ ਕਿਹਾ ਕਿ ਮੰਗਾਂ ਮੰਨਵਾਉਣ ਲਈ ਇੱਕਜੁਟ ਹੋ ਕੇ ਤਿੱਖੇ ਸੰਘਰਸ਼ ਕਰਨ ਦਾ ਸਮਾਂ ਹੈ।
ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਦਿੱਲੀ ਜਾਣ ਦਾ ਸੱਦਾ
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਦੀ ਗਿਣਤੀ ਵਧਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਸਰਗਰਮੀ ਵਿੱਢੀ ਗਈ ਹੈ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਚੀਮਾ ਦੇ ਸ਼ਿਵ ਮੰਦਰ ’ਚ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਜਥੇਬੰਦੀ ਦੀ ਇਕਾਈ ਨੂੰ ਵਾਰੀ ਅਨੁਸਾਰ ਦਿੱਲੀ ਮੋਰਚੇ ਵਿੱਚ ਡਿਊਟੀ ਅਨੁਸਾਰ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਬਲਵੰਤ ਸਿੰਘ ਨੰਬਰਦਾਰ ਬਲਾਕ ਆਗੂ, ਜਸਵਿੰਦਰ ਸੋਨੀ, ਸਾਧੂ ਸਿੰਘ, ਗੋਗੀ ਚੀਮਾ, ਹਰਬੰਸ ਹਰੀ ਅਤੇ ਮਲਕੀਤ ਥਿੰਦ ਹਾਜ਼ਰ ਸਨ।