ਪੱਤਰ ਪ੍ਰੇਰਕ
ਮਾਨਸਾ, 20 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਪਿੰਡ ਮੂਸਾ ਵਿੱਚ ਕੇਂਦਰ ਸਰਕਾਰ ਖਿਲਾਫ਼ ਮੁਜ਼ਾਹਰਾ ਕਰਦਿਆਂ ਅਰਥੀ ਫੂਕੀ ਗਈ। ਜਥੇਬੰਦੀ ਦਾ ਕਹਿਣਾ ਹੈ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ।
ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ਦੇ ਨੌਜਵਾਨਾਂ ਦਾ ਮਨੋਬਲ ਡਿੱਗਿਆ ਹੈ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਲਹਿਰ ਨੂੰ ਵੱਡੀ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਖੋਟਾ ਮਨਸੂਬਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਰੋਸ ਪ੍ਰਦਰਸ਼ਨ ਸ਼ਾਂਤੀਪੂਰਵਕ ਕੀਤਾ ਜਾਵੇ ਅਤੇ ਹਾਕਮਾਂ ਨੂੰ ਹੁਲੜਬਾਜ਼ੀ ਦਾ ਮੌਕਾ ਨਾ ਦਿੱਤਾ ਜਾਵੇ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫ਼ਰੀਦਕੋਟ ਦੇ ਸੱਦੇ ’ਤੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਮਿਨੀ ਸਕੱਤਰੇਤ ਵਿੱਚ ਅਗਨੀਪਥ ਖ਼ਿਲਾਫ਼ ਚੱਲ ਰਹੇ ਰੋਸ ਦੇ ਸਮਰਥਨ ਵਿੱਚ ਵੱਖ-ਵੱਖ ਮੁਲਾਜ਼ਮ, ਪੈਨਸ਼ਨਰ, ਮਜ਼ਦੂਰ, ਕਿਸਾਨ ਅਤੇ ਜਨਤਕ ਜਥੇਬੰਦੀਆਂ ਨੇ ਰੋਸ ਰੈਲੀ ਕੀਤੀ। ਇਸ ਤੋਂ ਬਾਅਦ ਵਿੱਚ ਭਾਈ ਘਨ੍ਹੱਈਆ ਚੌਕ ਤੱਕ ਰੋਸ ਮਾਰਚ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਖੀਵਾ, ਕੁਲਵੰਤ ਸਿੰਘ ਚਾਨੀ, ਜਤਿੰਦਰ ਕੁਮਾਰ, ਗੁਰਤੇਜ ਸਿੰਘ ਨੇ ਕਿਹਾ ਕਿ ਹੋਰ ਵਿਭਾਗਾਂ ਦੇ ਨਾਲ ਨਾਲ ਹੁਣ ਕੇਂਦਰ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਵੀ ਠੇਕਾ ਭਰਤੀ ਹਵਾਲੇ ਕਰ ਦਿੱਤਾ ਹੈ। ਸੁਖਜਿੰਦਰ ਸਿੰਘ ਤੂੰਬੜਭੰਨ, ਵੀਰ ਸਿੰਘ ਕੰਮੇਆਣਾ, ਅਸ਼ੋਕ ਕੌਸ਼ਲ, ਵੀਰ ਇੰਦਰਜੀਤ ਸਿੰਘ ਪੁਰੀ ਅਤੇ ਸੁਖਚਰਨ ਸਿੰਘ ਨੇ ਕਿਹਾ ਕਿ ਸਰਕਾਰ ਮੁਲਕ ਦੀ ਸੁਰੱਖਿਆ ਦਾਅ ’ਤੇ ਲਾ ਰਹੀ ਹੈ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਦੀ ਅਗਨੀਪਥ ਯੋਜਨਾ ਦੇ ਵਿਰੋਧ ’ਚ ਅੱਜ ‘ਭਾਰਤ ਬੰਦ’ ਦੇ ਸੱਦੇ ਦੇ ਮੱਦੇਨਜ਼ਰ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ।
ਇਨ੍ਹਾਂ ’ਚ ਰੈਪਿਡ ਐਕਸ਼ਨ ਫੋਰਸ (ਆਰਏਐਫ), ਰੇਲਵੇ ਪੁਲੀਸ ਪੰਜਾਬ (ਜੀਆਰਪੀ), ਪੰਜਾਬ ਪੁਲੀਸ ਤੋਂ ਇਲਾਵਾ ਰੇਲਵੇ ਪ੍ਰੋਟਕਸ਼ਨ ਫੋਰਸ (ਆਰਪੀਐਫ) ਦੀ ਤਾਇਨਾਤ ਕੀਤੀ ਗਈ। ਉਂਜ ਤਾਂ ਪੂਰਾ ਦਿਨ ਰੇਲਾਂ ਦੀ ਆਵਾਜਾਈ ਆਮ ਦਿਨਾਂ ਵਾਂਗ ਸਮੇਂ ਸਿਰ ਜਾਰੀ ਰਹੀ ਪਰ ਸੂਤਰਾਂ ਅਨੁਸਾਰ ਅੱਜ ਮੁਸਾਫ਼ਿਰਾਂ ਨੇ ਰੇਲ ’ਤੇ ਸਫ਼ਰ ਨੂੰ ਬਹੁਤੀ ਤਰਜੀਹ ਨਹੀਂ ਬਣਾਇਆ। ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਵੱਲੋਂ ਚੌਕਸੀ ਨਾਲ ਡਿਊਟੀ ਦਿੱਤੀ ਗਈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ‘ਸਾਬਕਾ ਸੈਨਿਕ ਸੰਯੁਕਤ ਮੋਰਚਾ ਪੰਜਾਬ’ ਦੀ ਅਗਵਾਈ ਹੇਠ ਸਾਬਕਾ ਫ਼ੌਜੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ| ਇਸ ਮੌਕੇ ਸੁਖਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਨੇ ਕਿਹਾ ਕਿ ਅਗਨੀਪਥ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਸਿੱਧ ਹੋਵੇਗੀ| ਉਨ੍ਹਾਂ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ|
ਅਬੋਹਰ (ਪੱਤਰ ਪ੍ਰੇਰਕ): ਅਗਨੀਪਥ ਦੇ ਵਿਰੋਧ ’ਚ ਭਾਰਤ ਬੰਦ ਦੇ ਮੱਦੇਨਜ਼ਰ ਇੱਥੇ ਰੇਲਵੇ ਸਟੇਸ਼ਨ ’ਤੇ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਏਐੱਸਆਈ ਕੁਲਵੰਤ ਸਿੰਘ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਯਾਤਰੀਆਂ ’ਤੇ ਤਿੱਖੀ ਨਜ਼ਰ ਰੱਖੀ ਗਈ। ਸਾਵਧਾਨੀ ਵਜੋਂ ਫਾਇਰ ਬ੍ਰਿਗੇਡ ਦੀਆਂ ਗੱਡੀ ਵੀ ਮੰਗਵਾਈਆਂ ਗਈਆਂ ਹਨ। ਇਸ ਦੌਰਾਨ ਬਠਿੰਡਾ ਤੋਂ ਸ੍ਰੀਗੰਗਾਨਗਰ ਅਤੇ ਸ੍ਰੀਗੰਗਾਨਗਰ, ਬਠਿੰਡਾ ਤੋਂ ਫਾਜ਼ਿਲਕਾ ਤੇ ਫਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਰਹੀ।
ਬਰੇਟਾ (ਪੱਤਰ ਪ੍ਰੇਰਕ): ਸਥਾਨਕ ਰੇਵਲੇ ਸਟੇਸ਼ਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਰਪੀਐਫ ਅਤੇ ਜੀਆਰਪੀ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਟੇਸ਼ਨ ’ਤੇ ਆਉਣ-ਜਾਣ ਵਾਲਿਆਂ ਦੀ ਪੜਤਾਲ ਕੀਤੀ ਜਾ ਰਹੀ ਸੀ। ਰੇਲ ਗੱਡੀਆਂ ਦੀ ਆਵਾਜਾਈ ਜਾਰੀ ਰਹੀ। ਸਿਹਤ ਵਿਭਾਗ ਵੱਲੋਂ ਡਾ. ਸਿਮਰਪ੍ਰੀਤ ਸਿੰਘ ਤੇ ਫਾਰਮੇਸੀ ਅਫ਼ਸਰ ਪ੍ਰਵੀਨ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ।
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਅਗਨੀਪਥ ਦੇ ਵਿਰੋਧ ਵਿੱਚ ਸਾਬਕਾ ਫ਼ੌਜੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ। ਇੰਡੀਅਨ ਐਕਸ ਸਰਵਿਸ ਮੈਨ ਲੀਗ ਦੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਦੀ ਅਗਵਾਈ ਵਿਚ ਸਾਬਕਾ ਫ਼ੌਜੀਆਂ ਨੇ ਇਸ ਸਕੀਮ ਦੇ ਵਿਰੋਧ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਗੁਰਮੀਤ ਸਿੰਘ ਘੋੜੇਚੱਕ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਅਗਨੀਪਥ ਸਕੀਮ ਬੰਦ ਕਰਨ ਦੀ ਮੰਗ ਕੀਤੀ।
ਨੌਜਵਾਨਾਂ ਤੇ ਕਿਸਾਨਾਂ ਨੇ ਭਾਵਦੀਨ ਟੌਲ ਪਰਚੀ ਮੁਕਤ ਕਰਵਾਇਆ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਅਗਨੀਪਥ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਨੇ ਭਾਵਦੀਨ ਟੌਲ ਪਲਾਜ਼ਾ ਨੂੰ ਤਿੰਨ ਘੰਟਿਆਂ ਲਈ ਪਰਚੀ ਮੁਕਤ ਕਰਵਾ ਦਿੱਤਾ ਹੈ। ਇਸ ਦੌਰਾਨ ਵੱਡੀ ਗਿਣਤੀ ’ਚ ਪਹੁੰਚੇ ਨੌਜਵਾਨ ਤੇ ਕਿਸਾਨਾਂ ਨੇ ਅਗਨੀਪਥ ਯੋਜਨਾ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ ਪਰ ਲੋਕਾਂ ਨੇ ਏਕਤਾ ਸਹਾਰੇ ਟੌਲ ਪਲਾਜ਼ਾ ਪਰਚੀ ਮੁਕਤ ਕਰਵਾ ਦਿੱਤਾ। ਇਸ ਮਗਰੋਂ ਨੌਜਵਾਨਾਂ ਤੇ ਕਿਸਾਨਾਂ ਨੇ ਧਰਨਾ ਦਿੱਤਾ। ਕਿਸਾਨ ਆਗੂ ਮੈਕਸ ਸਾਹੂਵਾਲਾ ਤੇ ਸਾਬਕਾ ਫ਼ੌਜੀ ਰਾਮ ਕ੍ਰਿਸ਼ਨ ਨੇ ਕਿਹਾ ਕਿ ਅਗਨੀਪਥ ਸਕੀਮ ਨੌਜਵਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਸਾਲ ਦੀ ਨੌਕਰੀ ਕਰਨ ਮਗਰੋਂ ਨੌਜਵਾਨ ਅੰਬਾਨੀ-ਅਡਾਨੀ ਦੇ ਗੋਦਾਮਾਂ ਦੀ ਰਾਖੀ ਜੋਗੇ ਹੀ ਰਹਿ ਜਾਣਗੇ। ਚਾਰ ਸਾਲ ਨੌਜਵਾਨ ਨਾ ਫ਼ੌਜੀ ਰਹਿਣਗੇ ਤੇ ਨਾ ਹੀ ਕੋਈ ਹੋਰ ਕੰਮ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਰੱਦ ਕਰ ਕੇ ਜਿਹੜੇ ਨੌਜਵਾਨਾਂ ਨੇ ਸਰੀਰਕ ਤੇ ਦੂਜੇ ਇਮਤਿਹਾਨ ਪਾਸ ਹੋ ਚੁੱਕੇ ਹਨ, ਉਨ੍ਹਾਂ ਨੂੰ ਫੌਰੀ ਪਹਿਲਾਂ ਵਾਲੇ ਨਿਯਮਾਂ ਅਨੁਸਾਰ ਨਿਯੁਕਤੀ ਪੱਤਰ ਦਿੱਤੇ ਜਾਣ। ਇਸ ਮੌਕੇ ਗੁਰੀ ਸੇਖੋਂ, ਭੁਪਿੰਦਰ ਸਿੰਘ ਆਦਿ ਸਣੇ ਵੱਡੀ ਗਿਣਤੀ ਕਿਸਾਨ ਤੇ ਨੌਜਵਾਨ ਮੌਜੂਦ ਸਨ। ਸਿਰਸਾ ਦੇ ਰੇਲਵੇ ਸਟੇਸ਼ਨ ਤੇ ਬੱਸ ਅੱਡੇ ’ਤੇ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਸਨ। ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲੀਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਹਲਾਂਕਿ ਰੇਲਵੇ ਦੀਆਂ ਗੱਡੀਆਂ ਆਮ ਵਾਂਗ ਚਲੀਆਂ। ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।