ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 17 ਜਨਵਰੀ
ਪਿਛਲੇ ਦਿਨੀਂ ਸਿਕਿਊਰਟੀ ਚੈੱਕਾਂ ਰਾਹੀਂ ਕਿਸਾਨਾਂ ਦੇ ਖਾਤਿਆਂ ‘ਚੋਂ ਐਕਸਿਸ ਬੈਂਕ ਕੋਟਕਪੂਰਾ ਨੇ 36.85 ਲੱਖ ਰੁਪਏ ਦੀ ਰਾਸ਼ੀ ਧੋਖੇ ਨਾਲ ਕੱਢ ਲਈ ਸੀ। ਹੁਣ ਬੈਂਕ ਦੁਆਰਾ ਆਪਣੀ ਜਾਂਚ ਮੁਕੰਮਲ ਕਰ ਲੈਣ ਮਗਰੋਂ ਜਾਅਲਸਾਜ਼ੀ ਦਾ ਸ਼ਿਕਾਰ ਹੋਏ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਵਿਆਜ ਸਮੇਤ 41 ਲੱਖ ਰੁਪਏ ਜਮ੍ਹਾਂ ਕਰ ਦਿੱਤੀ ਗਈ ਹੈ। ਕਿਸਾਨ ਦੇ ਹੱਕ ਸੰਘਰਸ਼ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੀ ਕੋਟਕਪੂਰਾ ਬ੍ਰਾਂਚ ਅੱਗੇ 84 ਘੰਟੇ ਲਗਾਤਾਰ ਧਰਨਾ ਦਿੱਤਾ ਗਿਆ। ਧਰਨੇ ਦੀ ਸਮਾਪਤੀ ਮੌਕੇ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਕਿਸਾਨ ਯੂਨੀਅਨ ਨੂੰ ਲਿਖਤੀ ਭਰੋਸਾ ਦਿੱਤਾ ਸੀ ਕਿ ਜਾਂਚ ਮੁਕੰਮਲ ਕਰਕੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਲੰਘੀ 27 ਦਸੰਬਰ ਨੂੰ ਕਿਸਾਨ ਹਰਮੇਲ ਸਿੰਘ ਪਿੰਡ ਸਮਾਘ ਦੇ ਖਾਤੇ ਵਿਚੋਂ 18.15 ਲੱਖ ਰੁਪਏ, ਮੇਜਰ ਸਿੰਘ ਘਣੀਆ ਵਾਲਾ ਦੇ ਖਾਤੇ ਵਿਚੋਂ 8.34 ਲੱਖ ਰੁਪਏ, ਬਲਜੀਤ ਸਿੰਘ ਸਿੱਖਾਂਵਾਲਾ ਦੇ ਖਾਤੇ ਵਿਚੋਂ 1.40 ਲੱਖ ਰੁਪਏ ਬੈਂਕ ਦੇ ਕਰਮਚਾਰੀ ਵੱਲੋਂ ਖੇਤੀਬਾੜੀ ਲਿਮਟ ਖਾਤਿਆਂ ਵਿਚ ਕਿਸਾਨਾਂ ਤੋਂ ਲਏ ਸੈਲਫ਼ ਚੈੱਕਾਂ ਰਾਹੀਂ ਧੋਖੇ ਨਾਲ ਕੱਢਵਾ ਲਏ ਸਨ, ਮਗਰੋਂ ਇਹ ਕਰਮਚਾਰੀ ਕਿਸਾਨਾਂ ਦੀ ਇਹ ਰਕਮ ਲੈਣ ਰਫੂਚੱਕਰ ਹੋ ਗਿਆ ਸੀ। ਯੂਨੀਅਨ ਦੇ ਕਰਮਜੀਤ ਸਿੰਘ ਚੈਨਾ, ਜਸਪ੍ਰੀਤ ਸਿੰਘ ਜੱਸਾ ਕੁਹਾਰਵਾਲਾ ਤੇ ਹੋਰਨਾਂ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਦੱਸਿਆ।