ਪਾਲ ਸਿੰਘ ਨੌਲੀ
ਜਲੰਧਰ,12 ਮਈ
ਜਲੰਧਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਸੱਤਾ ਸੁੱਖ ਭੋਗਣ ਲਈ ਵਾਰੀਆਂ ਬੰਨ੍ਹੀਆਂ ਹੋਈਆਂ ਸਨ। ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਉਨ੍ਹਾਂ ਦਾਅਵਾ ਕੀਤਾ, ‘‘ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ ਵਿੱਚ ਆਉਂਦਾ ਸੀ ਤਾਂ ਮਹਾਰਾਜਾ ਦੀ ਖਿਦਮਤ ਕਰਨ ਲਈ ਇੱਕ ਆਈਏਐਸ ਅਫਸਰ ਦੀ ਡਿਊਟੀ ਲਾ ਦਿੱਤੀ ਜਾਂਦੀ ਸੀ। ਜਦੋਂ ਕਾਂਗਰਸ ਸੱਤਾ ਵਿੱਚ ਆਉਂਦੀ ਸੀ ਤਾਂ ਅਕਾਲੀ ਦਲ ਦਾ ਕੋਈ ਕੰਮ ਨਹੀਂ ਸੀ ਰੁਕਦਾ ਤੇ ਜਦੋਂ ਅਕਾਲੀ ਸੱਤਾ ਵਿੱਚ ਆ ਜਾਂਦੇ ਸਨ ਤਾਂ ਕਾਂਗਰਸੀਆਂ ਦੇ ਕੰੰਮ ਨਹੀਂ ਸਨ ਰੁਕਦੇ। ਇਨ੍ਹਾਂ ਦੋਵੇ ਵੱਡੇ ਘਰਾਣਿਆਂ ਨੇ ਵਾਰੀਆਂ ਬੰਨ੍ਹੀਆ ਹੋਈਆਂ ਸਨ।’’ ਇਸ ਦੌਰਾਨ ਟੀਨੂ ਨੇ ਪਿੰਡ ਜੌਹਲਾਂ ਦੇ ਚਾਹ ਵਾਲੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸੰਤ ਹਰਜਿੰਦਰ ਸਿੰਘ ਹੋਰਾਂ ਤੋਂ ਅਸ਼ੀਰਵਾਦ ਲਿਆ।
ਆਪ ਉਮੀਦਵਾਰ ਨੇ ਹਮਲਾਵਰ ਹੁੰਦਿਆਂ ਕਿਹਾ ਕਿ 25-30 ਸਾਲ ਪਿੱਛੇ ਝਾਤ ਮਾਰ ਕੇ ਦੇਖ ਲਓ ਕਿ ਪੰਜਾਬ ਵਿੱਚ ਕਿਵੇਂ ਸੱਤਾ ਲਈ ਵਾਰੀਆਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਜਦੋਂ ਸੱਤਾ ਵਿੱਚ ਆ ਜਾਂਦਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਟਹਿਲ ਸੇਵਾ ਵਿੱਚ ਬਕਾਇਦਾ ਇੱਕ ਆਈਏਐੱਸ ਅਧਿਕਾਰੀ ਲਾਇਆ ਜਾਂਦਾ ਸੀ ਜਿਹੜਾ ਇਹ ਯਕੀਨੀ ਬਣਾਉਣ ਦਾ ਸੀ ਕਿ ਮਹਾਰਾਜੇ ਦਾ ਕੋਈ ਕੰਮ ਨਾ ਰੁਕੇ।
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਤਖਤਾ ਪਲਟਿਆ ਜਿਹੜੀਆਂ ਧਿਰਾਂ ਵੱਲੋਂ ਰਲ ਸੱਤਾ ਦੀ ਖੇਡ ਖੇਡੀ ਜਾ ਰਹੀ ਸੀ ਉਨ੍ਹਾਂ ਨੂੰ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਸੱਤਾ ਦੀ ਇਸ ਸਾਂਝੀ ਖੇਡ ਵਿੱਚੋਂ ਬਾਹਰ ਕਰ ਦਿੱਤਾ। ਪੰਜਾਬ ਵਿੱਚ ਆਮ ਘਰਾਂ ਦੇ ਨੌਜਵਾਨਾਂ ਨੇ ਵਿਧਾਇਕ ਤੇ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਘਰਾਂ ਦੇ ਵਿਧਾਇਕ ਹੀ ਗਰੀਬਾਂ ਦੇ ਦੁੱਖ ਦਰਦ ਸਮਝਦੇ ਹਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਸਕਦੇ ਹਨ।
ਪਵਨ ਕੁਮਾਰ ਟੀਨੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਹੈ ਕਿ ਆਉਂਦੇ ਦੋ ਮਹੀਨਿਆਂ ਵਿੱਚ ਭੈਣਾਂ-ਮਾਵਾਂ ਨਾਲ ਜਿਹੜਾ ਇੱਕ ਹਾਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰ ਦੇਣਗੇ।
ਕਟਾਰੂਚੱਕ ਵੱਲੋਂ ਸ਼ੈਰੀ ਕਲਸੀ ਦੇ ਹੱਕ ’ਚ ਚੋਣ ਜਲਸੇ
ਪਠਾਨਕੋਟ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਕਈ ਪਰਿਵਾਰ ਭਾਜਪਾ ਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਕਟਾਰੂਚੱਕ ਨੇ ਫੋਕਲ ਪੁਆਇੰਟ ਮਲਿਕਪੁਰ, ਐਮਾ ਗੁਜਰਾਂ, ਸਾਲੋਵਾਲ, ਜਕਰੋਰ, ਠਾਕੁਰਪੁਰ, ਦਨੌਰ, ਕੋਠੀ ਪੰਡਿਤਾਂ ਸਮੇਤ ਕੁੱਲ 9 ਪਿੰਡਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਦੇਸ਼ ਅਤੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਦਾ ਸਾਥ ਮੰਗਿਆ। ਮਲਿਕਪੁਰ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੈ। ਭੋਲੇ ਭਾਲੇ ਲੋਕਾਂ ਨੂੰ ਝੂਠੀਆਂ ਗਰੰਟੀਆਂ ਦੇ ਕੇ ਪੂਰੇ ਦੇਸ਼ ਨੂੰ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤੋਂ ਲੋਕ ਖਫ਼ਾ ਹਨ।