ਜਸਵੰਤ ਸਿੰਘ ਥਿੰਦ
ਮਮਦੋਟ, 22 ਸਤੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਮਾਈਨਿੰਗ ਸਬੰਧੀ ਲਏ ਗਏ ਫ਼ੈਸਲੇ ਮਗਰੋਂ ਮਾਈਨਿੰਗ ਮਾਫੀਆ ਦਾ ਕਾਰੋਬਾਰ ਠੱਪ ਹੋਣ ਲੱਗਾ ਹੈ। ਜਾਣਕਾਰੀ ਮੁਤਾਬਕ ਮਮਦੋਟ ਇਲਾਕੇ ਵਿਚ ਇਕ ਕੰਪਨੀ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਰੇਤੇ ਦੀ ਚਲਾਈ ਜਾ ਰਹੀ ਖੱਡ ਬੀਤੀ ਦੇਰ ਰਾਤ ਬੰਦ ਕਰ ਦਿੱਤੀ ਗਈ। ਇਸ ਪੱਤਰਕਾਰ ਵੱਲੋਂ ਰੇਤ ਦੀ ਖੱਡ ਦਾ ਜਦੋਂ ਮੌਕੇ ’ਤੇ ਜਾ ਕੇ ਦੌਰਾ ਕੀਤਾ ਗਿਆ ਤਾਂ ਖੱਡ ਨੂੰ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਲਾ ਕੇ ਪੂਰਿਆ ਜਾ ਰਿਹਾ ਸੀ। ਵਿਭਾਗੀ ਨਿਯਮਾਂ ਮੁਤਾਬਕ ਰੇਤੇ ਦੀ ਮਾਈਨਿੰਗ ਦੱਸ ਫੁੱਟ ਦੀ ਡੂੰਘਾਈ ਤੱਕ ਕੀਤੀ ਜਾ ਸਕਦੀ ਹੈ ਪਰ ਖੱਡ ਵਿੱਚੋਂ ਖੁਦਾਈ 30 ਤੋਂ 40 ਫੁੱਟ ਤੱਕ ਕੀਤੀ ਹੋਈ ਸੀ। ਇਹ ਸਭ ਕੁਝ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਕਾਰਨ ਸਰਕਾਰ ਨੂੰ ਇੰਨੇ ਸਮੇਂ ਵਿੱਚ ਲੱਖਾਂ ਰੁਪਏ ਦਾ ਪ੍ਰਾਈਵੇਟ ਕੰਪਨੀ ਵੱਲੋਂ ਚੂਨਾ ਲਗਾਇਆ ਜਾ ਚੁੱਕਾ ਹੈ। ਜਾਣਕਾਰੀ ਮੁਤਾਬਿਕ ਅੱਜ ਤੱਕ ਕਿਸੇ ਵੀ ਮਾਈਨਿੰਗ ਅਧਿਕਾਰੀ ਵੱਲੋਂ ਖੱਡ ਦੀ ਚੈਕਿੰਗ ਨਹੀਂ ਕੀਤੀ ਗਈ।