ਗੁਰਜੰਟ ਕਲਸੀ
ਸਮਾਲਸਰ, 2 ਜੂਨ
ਗੁਰਧਿਆਨ ਸਿੰਘ ਵਾਸੀ ਸਮਾਲਸਰ ਨੇ ਇਨਾਮਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਉਸ ਨੂੰ ਕਰੀਬ ਡੇਢ ਸਾਲ ਪਹਿਲਾਂ ਬਾਘਾਪੁਰਾਣਾ ਤੋਂ ਇਕ ਪਰਸ ਮਿਲਿਆ ਸੀ ਜਿਸ ਵਿੱਚ ਪੰਜਾਹ ਹਜ਼ਾਰ ਰੁਪਏ ਅਤੇ ਪਰਿਵਾਰ ਦੀਆਂ ਪਾਸਪੋਰਟ ਸਾਈਜ਼ ਫੋਟੋਆਂ ਸਨ। ਇਸ ਤੋਂ ਇਲਾਵਾ ਹੋਰ ਕੋਈ ਸਬੂਤ ਨਹੀਂ ਸੀ। ਉਸ ਨੇ ਵਾਰਸਾਂ ਦੀ ਭਾਲ ਲਗਾਤਾਰ ਜਾਰੀ ਰੱਖੀ। ਇੱਕ ਦੋਸਤ ਨੇ ਸਲਾਹ ਦਿੱਤੀ ਕਿ ਪਰਿਵਾਰ ਦੀ ਫੋਟੋ ਸੋਸ਼ਲ ਮੀਡੀਆ ’ਤੇ ਪਾ ਕੇ ਮਾਲਕਾਂ ਨੂੰ ਲੱਭਿਆ ਜਾਵੇ। ਅਜਿਹਾ ਕਰਨ ’ਤੇ ਲੰਗੇਆਣਾ ਪੁਰਾਣਾ ਦੇ ਉੱਘੇ ਸਮਾਜ ਸੇਵੀ ਅਤੇ ਟਰਾਂਸਪੋਰਟਰ ਜਸਵਿੰਦਰ ਸਿੰਘ ਬਰਾੜ ਦੁਬਈ ਵਾਲਿਆਂ ਦੇ ਪਰਿਵਾਰ ਬਾਰੇ ਪਤਾ ਲੱਗਿਆ। ਇਸ ਮਗਰੋਂ ਉਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਸਾਰੇ ਰੁਪਏ ਪਰਿਵਾਰ ਨੂੰ ਸੌਂਪ ਦਿੱਤੇ। ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 28 ਦਸੰਬਰ 2019 ਨੂੰ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਕੋਲੋਂ ਇਹ ਪਰਸ ਪੈਸਿਆਂ ਸਮੇਤ ਸ਼ਾਮ ਨੂੰ ਕੋਟਕਪੂਰਾ ਰੋਡ ਬਾਘਾਪੁਰਾਣਾ ਵਿੱਚ ਗੁੰਮ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਪੈਸਾ ਪਿੰਡ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ। ਇਸ ਮੌਕੇ ’ਤੇ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਜੋਰਾ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਗੁਰਧਿਆਨ ਸਿੰਘ, ਉਨ੍ਹਾਂ ਦਾ ਬੇਟਾ ਗੁਰਦਰਸ਼ਰਪ੍ਰੀਤ ਸਿੰਘ, ਨੰਬਰਦਾਰ ਸਾਧੂ ਰਾਮ, ਕੁਲਦੀਪ ਸਿੰਘ ਆਦਿ ਪਤਵੰਤੇ ਹਾਜ਼ਰ ਸਨ।