ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਦਸੰਬਰ
ਇਸ ਵਾਰ ਵੀ ਲੋਕਾਂ ਨੂੰ ਪਿਛਲੇ ਵਰ੍ਹੇ ਨਾਲੋਂ ਵੀ ਮਹਿੰਗਾ ਮਾਘੀ ਮੇਲਾ ਵੇਖਣਾ ਪਵੇਗਾ ਕਿਉਂਕਿ ਮੁਕਤਸਰ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਰੀਬ 40 ਲੱਖ ਰੁਪਏ ਮਹਿੰਗਾ ਮੇਲਾ ਵੇਚਿਆ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਲ 15 ਬੋਲੀਕਾਰਾਂ ਵਿੱਚੋਂ ਸਭ ਤੋਂ ਵੱਧ ਬੋਲੀ ਹਰਿਆਣਾ ਦੇ ਸੋਨੀਪਤ ਦੀ ‘ਰਾਜ ਟਰੇਡ ਫੇਅਰ’ ਕੰਪਨੀ ਵੱਲੋਂ ਇਕ ਕਰੋੜ ਇਕ ਲੱਖ ਰੁਪਏ ਦੀ ਦਿੱਤੀ ਗਈ ਜਦੋਂਕਿ ਪਿਛਲੇ ਵਰ੍ਹੇ ਇਹ 63 ਲੱਖ ਰੁਪਏ ਸੀ। ਜ਼ਿਲ੍ਹਾ ਰੈੱਡ ਕਰਾਸ ਸੈਕਟਰੀ ਪ੍ਰੋਫੈਸਰ ਗੋਪਾਲ ਸਿੰਘ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਦੀ ਨਿਗਰਾਨੀ ਹੇਠ ਹੋਈ ਬੋਲੀ ਦੀਆਂ ਸ਼ਰਤਾਂ ਅਨੁਸਾਰ ਬੋਲੀਕਾਰ ਨੂੰ ਸਾਰੀ ਰਕਮ 31 ਜਨਵਰੀ ਤੱਕ ਰੈੱਡ ਕਰਾਸ ਕੋਲ ਜਮ੍ਹਾਂ ਕਰਾਉਣੀ ਹੋਵੇਗੀ। ਮੇਲਾ ਗਰਾਊਂਡ ਦੀ ਫੀਸ ਕਰੀਬ 10 ਲੱਖ ਰੁਪਏ ਅਤੇ 18 ਲੱਖ ਰੁਪਏ ਜੀਐੱਸਟੀ ਰੈੱਡ ਕਰਾਸ ਅਦਾ ਕਰੇਗਾ। ਇਸ ਵਾਰ ਠੇਕੇਦਾਰ ਦੀ ਮੰਗ ਅਨੁਸਾਰ ਮੇਲੇ ਦੀ ਮਿਆਦ ਦੋ ਮਹੀਨੇ ਕਰ ਦਿੱਤੀ ਗਈ ਹੈ ਜੋ 28 ਫਰਵਰੀ ਤੱਕ ਹੋਵੇਗੀ ਜਦੋਂਕਿ ਪਹਿਲਾਂ ਆਮ ਤੌਰ ’ਤੇ ਜਨਵਰੀ ਦਾ ਮਹੀਨਾ ਹੀ ਹੁੰਦੀ ਸੀ। ਪ੍ਰੋਫੈਸਰ ਗੋਪਾਲ ਸਿੰਘ ਨੇ ਦੱਸਿਆ ਕਿ ਰੈੱਡ ਕਰਾਸ ਨੂੰ ਹੋਈ ਆਮਦਨ ਦੀ ਵਰਤੋਂ ਗਰੀਬਾਂ ਦੀ ਭਲਾਈ ਵਾਸਤੇ ਕੀਤੀ ਜਾਵੇਗੀ। ਪਰ ਇਸ ਦੌਰਾਨ ਆਮ ਲੋਕਾਂ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੇਲੇ ਦੀ ਦਿਨੋ-ਦਿਨ ਵੱਧ ਰਹੀ ਕੀਮਤ ਨੂੰ ਲੋਕਾਂ ਲਈ ਮੰਗਭਾਗੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਰਵਾਇਤੀ ਤੌਰ ’ਤੇ ਖਤਮ ਹੋ ਕੇ ਮਹਿਜ਼ ਮੰਨੋਰੰਜਨ ਮੇਲੇ ਵਿੱਚ ਤਬਦੀਲ ਹੋ ਚੁੱਕੇ ਇਸ ਮੇਲੇ ਵਿੱਚ ਵੀ ਗਰੀਬ ਆਦਮੀ ਦਾ ਦਾਖਲ ਹੋਣਾ ਦੁੱਬਰ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੇਲਾ ਦਾਖਲਾ ਮੁਫਤ ਕਰਨ ਦੀ ਮੰਗ ਕੀਤੀ ਹੈ।