ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਮਈ
ਇਥੇ ਲੰਮੇ ਸਮੇਂ ਤੋਂ ਖਾਲੀ ਪਈ ਧਰਮਕੋਟ ਨਗਰ ਕੌਂਸਲ ਉੱਪ ਪ੍ਰਧਾਨ ਦੀ ਕੁਰਸੀ ਕਾਂਗਰਸ ਪਿਛੋਕੜ ਵਾਲੇ ‘ਆਪ’ ਆਗੂ ਗੁਰਮੀਤ ਮੁਖੀਜਾ ਨੂੰ ਨਸੀਬ ਹੋ ਗਈ ਹੈ। ਹਾਕਮ ਧਿਰ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਗੁਰਮੀਤ ਮੁਖੀਜਾ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਮੀਤ ਪ੍ਰਧਾਨ ਚੁਣਿਆ ਗਿਆ। ਹਾਊਸ ਦੇ ਕੁੱਲ 13 ਕੌਂਸਲਰਾਂ ਵਿਚੋਂ ਵਿਧਾਇਕ ਦੀ ਵੋਟ ਸਮੇਤ ਗੁਰਮੀਤ ਮੁਖੀਜਾ ਦੇ ਹੱਕ ਵਿਚ ਅੱਠ ਕੌਂਸਲਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ। ਇਹ ਚੋਣ ਰਿਟਰਨਿੰਗ ਅਫਸਰ ਰੇਸ਼ਮ ਸਿੰਘ ਤਹਿਸੀਲਦਾਰ ਧਰਮਕੋਟ ਅਤੇ ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ ਦੀ ਹਾਜ਼ਰੀ ਵਿਚ ਹੋਈ। ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਜੋ ਖੜੋਤ ਆਈ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਅਤੇ ਗੁਰਮੀਤ ਮੁਖੀਜਾ ਦੀ ਅਗਵਾਈ ਵਿਚ ਦੂਰ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਟਕਸਾਲੀ ਤੇ ਕਾਂਗਰਸ ਪਿਛੋਕੜ ਵਾਲੇ ’ਆਪ’ ਆਗੂ ਮੌਜੂਦ ਸਨ। ਇਥੇ ਕੌਂਸਲਰਾਂ ਦੀ ਧੜੇਬੰਦੀ ਕਾਰਨ ਬੱਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਪ੍ਰਧਾਨਗੀ ਦਾ ਰੇੜਕਾ ਡੇਢ ਸਾਲ ਤੋਂ ਸ਼ਹਿਰੀ ਸੰਸਾਵਾਂ ਚੋਣਾਂ ਤੋਂ ਜਿਉਂ ਦਾ ਤਿਉਂ ਹੈ। ਬੱਧਨੀ ਕਲਾਂ ’ਚ ਕਾਂਗਰਸ ਦੀ ਗੁੱਟਬੰਦੀ ਤੇ ਨਿਹਾਲ ਸਿੰਘ ਵਾਲਾ ’ਚ ਅਕਾਲੀ ਦਲ ਹੱਥ ਉੱਤੇ ਹੋਣ ਕਰਕੇ ਵਾਰ ਵਾਰ ਵਾਰ ਚੋਣ ਪ੍ਰਕਿਰਿਆ ਟਾਲੀ ਜਾ ਰਹੀ ਹੈ।