ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 20 ਜੂਨ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਸਬਾ ਸ਼ਹਿਣਾ ਵਿੱਚ ਅੱਧੀ ਦਰਜਨ ਮੀਟਿੰਗਾਂ ਕਰ ਕੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਲਈ ਵੋਟਾਂ ਮੰਗੀਆਂ। ਪਾਰਟੀ ਦੇ ਇਕਾਈ ਪ੍ਰਧਾਨ ਪਿਆਰਾ ਸਿੰਘ ਵੈਦ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਤਿੰਨ ਮਹੀਨੇ ਦੇ ਕਾਰਜਕਾਲ ਵਿੱਚ ਇਨਕਲਾਬੀ ਫ਼ੈਸਲੇ ਲਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਯਤਨ ਕਰ ਰਹੀ ਹੈ। ‘ਆਪ’ ਸਰਕਾਰ ਨੇ ਤਾਂ ਭ੍ਰਿਸ਼ਟਾਚਾਰ ਕਰਨ ਵਾਲੇ ਆਪਣੇ ਮੰਤਰੀ ਨੂੰ ਵੀ ਨਹੀਂ ਬਖ਼ਸਿਆ।
ਬੀਬੀ ਮਾਣੂੰਕੇ ਨੇ ਕਿਹਾ ਕਿ ਗੁਰਮੇਲ ਸਿੰਘ ਘਰਾਚੋਂ ਜਿੱਤ ਕੇ ਭਗਵੰਤ ਮਾਨ ਵਾਂਗ ਹੀ ਹਲਕੇ ਦੀ ਆਵਾਜ਼ ਸੰਸਦ ਵਿੱਚ ਉਠਾਵੇਗਾ। ਇਸ ਲਈ ਵੋਟ ਭਗਵੰਤ ਮਾਨ ਦੇ ਕੰਮਾਂ ਨੂੰ ਦਿੱਤੀ ਜਾਵੇ। ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਉਲਝੀ ਹੋਈ ਤਾਣੀ ਨੂੰ ਠੀਕ ਕਰਨ ਵਿੱਚ ਥੋੜ੍ਹਾ ਸਮਾਂ ਲੱਗ ਰਿਹਾ ਹੈ, ਪਰ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ-ਇੱਕ ਵਾਅਦਾ ਪੂਜਾ ਕਰਨ ਲਈ ਸਰਕਾਰ ਵਚਨਵੱਧ ਹੈ।
ਇਸ ਮੌਕੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ, ਪਿਆਰਾ ਸਿੰਘ ਵੈਦ ਇਕਾਈ ਪ੍ਰਧਾਨ, ਸੁਖਦੇਵ ਸਿੰਘ ਝੋਰਡ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ ਵੈਦ, ਸੁੱਖਾ ਸਿੰਘ ਬਰਾੜ ਆਦਿ ਹਾਜ਼ਰ ਸਨ।