ਖੇਤਰੀ ਪ੍ਰਤੀਨਿਧ
ਬਰਨਾਲਾ, 26 ਨਵੰਬਰ
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸਥਾਨਕ ਰੇਲਵੇ ਸਟੇਸ਼ਨ ’ਤੇ 422 ਦਿਨਾਂ ਤੋਂ ਲੱਗੇ ਸਾਂਝੇ ਕਿਸਾਨ ਧਰਨੇ ਦੌਰਾਨ ਅੱਜ ਬੁਲਾਰਿਆਂ ਨੇ ਦਿੱਲੀ ਦੇ ਬਾਰਡਰਾਂ ’ਤੇ ਚਲਦੇ ਇੱਕ ਸਾਲ ਦੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਕੀਤਾ। ਅੱਜ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਚਰਨ ਸਿੰਘ ਕੋਠੇ ਸੁਰਜੀਤ ਪੁਰਾ, ਗੁਰਨਾਮ ਸਿੰਘ ਠੀਕਰੀਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਬਲਜੀਤ ਸਿੰਘ ਚੁਹਾਣਕੇ, ਕਾਕਾ ਸਿੰਘ ਫਰਵਾਹੀ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਮੇਲ ਰਾਮ ਸ਼ਰਮਾ, ਨਛੱਤਰ ਸਿੰਘ ਸਹੌਰ ਨੇ ਸੰਬੋਧਨ ਕੀਤਾ। ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਭਰਵੇਂ ਕਾਫ਼ਲੇ ਦੇ ਰੂਪ ’ਚ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਹ ਭਰਪੂਰ ਮਾਰਚ ਕੀਤਾ। ਬੁਲਾਰਿਆਂ ਕਿਹਾ ਕਿ ਇਸ ਅੰਦੋਲਨ ਦੇ 700 ਦੇ ਕਰੀਬ ਸ਼ਹੀਦ ਹੋਏ ਸੰਘਰਸ਼ੀ ਯੋਧਿਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਦਿੱਲੀ ਵਿਖੇ ਚੱਲ ਰਹੇ ਮੋਰਚੇ ਨੂੰ ਇੱਕ ਸਾਲ ਹੋਣ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਪੱਕੇ ਧਰਨੇ ‘ਤੇ ਬੈਠੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਗੁਰਮੇਲ ਠੁੱਲੀਵਾਲ, ਕੁਲਵੰਤ ਰਾਏ ਪੰਡੋਰੀ, ਲਖਵੀਰ ਸਿੰਘ ਲੱਖਾ,ਨਾਨਕ ਸਿੰਘ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਜਸਵੀਰ ਕੌਰ,ਕਿਰਨਪਾਲ ਕੌਰ, ਮੰਗਤ ਸਿੰਘ ਸਿੱਧੂ ਆਦਿ ਨੇ ਸੰਬੋਧਨ ਕੀਤਾ।
ਸ਼ਹੀਦ ਦੇ ਭੋਗ ’ਤੇ ਕਿਸੇ ਅਧਿਕਾਰੀ ਦੇ ਨਾ ਪੁੱਜਣ ਕਾਰਨ ਰੋਸ
ਬੋਹਾ (ਪੱਤਰ ਪੇ੍ਰਕ): ਟਿੱਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਇੱਕ ਸੜਕ ਦੁਰਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਣ ਤੋ ਬਾਅਦ ਇਲਾਜ ਦੌਰਾਨ ਸ਼ਹੀਦ ਹੋਏ ਨੇੜਲੇ ਪਿੰਡ ਹਾਕਮਵਾਲਾ ਦੇ ਮਜ਼ਦੂਰ ਆਗੂ ਹਰਚਰਨ ਸਿੰਘ ਖਾਲਸਾ ਹਾਕਮਵਾਲਾ ਨੂੰ ਅੱਜ ਪਿੰਡ ਦੇ ਗੁਰੂ ਘਰ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ ਐਸਡੀਐਮ ਦਫਤਰ ਅੱਗੇ ਸ਼ਹੀਦ ਦੀ ਲਾਸ਼ ਰੱਖ ਕੇ ਦਿੱਤੇ ਧਰਨੇ ਸਮੇਂ ਸ਼ਹੀਦ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਭੋਗ ਵਾਲੇ ਦਿਨ ਦੇਣ ਦਾ ਵਾਅਦਾ ਕਰਕੇ ਧਰਨਾ ਚੁਕਵਾਇਆ ਸੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਅੱਜ ਸ਼ਹੀਦ ਦੇ ਭੋਗ ਸਮੇਂ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸਾਸਨ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ ਵੱਲੋਂ 28 ਤਰੀਖ਼ ਤੋਂ ਬਾਅਦ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਮੁੜ ਸੰਘਰਸ਼ ਕੀਤਾ ਜਾਵੇਗਾ।