ਪੱਤਰ ਪ੍ਰ੍ੇਰਕ
ਮਾਨਸਾ, 23 ਅਗਸਤ
ਇਥੇ ਪਿੰਡ ਬੁਰਜ ਰਾਠੀ ਦੇ ਗੁਰਮੀਤ ਸਿੰਘ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਇੱਛਾ ਅਨੁਸਾਰ ਰਬੜ ਦੀਆਂ ਚੱਪਲਾਂ ਤੋਂ ਤਿਆਰ ਕੀਤਾ 5911 ਟਰੈਕਟਰ ਦਾ ਮਾਡਲ ਉਸਦੇ ਮਾਪਿਆਂ ਭੇਟ ਕੀਤਾ ਹੈ। ਗੁਰਮੀਤ ਰਬੜ ਦੀਆਂ ਟੁੱਟੀਆਂ ਚੱਪਲਾਂ ਨੂੰ ਚਾਕੂ ਨਾਲ ਕੱਟ-ਵੱਢਕੇ ਵੱਖ-ਵੱਖ ਤਰ੍ਹਾਂ ਦੀਆਂ ਕਲਾਕਿ੍ਰਤਾਂ ਤਿਆਰ ਕਰਦਾ ਹੈ। ਉਸ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਕਲਾ ਕੇਂਦਰ ਵਿੱਚ ਆਏ ਸਨ ਤਾਂ ਉਹ ਉਸ ਦੀ ਇਹ ਕਲਾ ਦੇਖ ਕੇ ਬਹੁਤ ਖੁਸ਼ ਹੋਣ ਸਨ ਤੇ ਉਨ੍ਹਾਂ ਨੇ ਉਸ ਨੂੰ 2-3 ਟਰੈਕਟਰ 5911 ਤਿਆਰ ਕਰਕੇ ਦੇਣ ਦੀ ਗੱਲ ਕਹੀ ਸੀ। ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ 5911 ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ, ਕਿਉਂਕਿ ਅੱਜ ਵੀ ਜਦੋਂ ਲੋਕ ਸੜਕ ’ਤੇ 5911 ਨੂੰ ਲੰਘਦੇ ਦੇਖਦੇ ਹਾਂ ਤਾਂ ਸਿੱਧੂ ਮੂਸੇਵਾਲਾ ਦੀ ਯਾਦ ਆਉਂਦੀ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਉੱਪਰ ਖਰਚਾ ਕੋਈ ਜ਼ਿਆਦਾ ਨਹੀਂ ਆਇਆ, ਬਲਕਿ ਮਿਹਨਤ ਜ਼ਿਆਦਾ ਲੱਗੀ ਹੈ। ਉਸ ਨੇ ਦੱਸਿਆ ਕਿ ਇੱਕ ਟਰੈਕਟਰ ਨੂੰ ਬਣਾਉਣ ਵਿੱਚ 15 ਤੋਂ 20 ਦਿਨ ਲੱਗਦੇ ਹਨ।