ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਪਰੈਲ
ਇੱਥੇ ਅੱਜ ਸਿਵਲ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਇਕ ਔਰਤ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਉੱਤੇ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਟਾਫ਼ ਨੇ ਔਰਤ ਦੀ ਹਾਲਤ ਦੇਖਦੇ ਹੋਏ ਉਸ ਦਾ ਜਣੇਪਾ ਕਰਵਾਇਆ ਅਤੇ ਇਸ ਦੌਰਾਨ ਪਾਜ਼ੇਟਿਵ ਮਾਂ ਤੋਂ ਇਕ ਤੰਦਰੁਸਤ ਬੱਚੇ ਨੇ ਜਨਮ ਲਿਆ। ਟੈਸਟ ਕੀਤੇ ਜਾਣ ’ਤੇ ਬੱਚੇ ਦੀ ਕਰੋਨਾਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ ਗਿੱਲ ਨੇ ਸਿਹਤ ਸਟਾਫ਼ ਦੀ ਪ੍ਰਸ਼ੰਸਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਦਾ ਸਿਹਤ ਵਿਭਾਗ ਲੋਕਾਂ ਲਈ ਕਰੋਨਾ ਯੋਧੇ ਬਣ ਕੇ ਲੜਾਈ ਲੜ ਰਿਹਾ ਹੈ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਉਨ੍ਹਾਂ ਦੱਸਿਆ ਡਾਕਟਰੀ ਟੀਮ ਵੱਲੋਂ ਪੀਪੀਈ ਕਿੱਟ ਪਾ ਕੇ ਕਰੋਨਾ ਪਾਜ਼ੇਟਿਵ ਔਰਤ ਦੇ ਲੋੜੀਂਦੇ ਟੈਸਟ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਐੱਸਐੱਮਓ (ਕਾਰਜੁਕਾਰੀ) ਡਾ. ਰਾਜੇਸ਼ ਮਿੱਤਲ ਨੇ ਦੱਸਿਆ ਕਿ ਪੀੜਤ ਔਰਤ ਸੰਦੀਪ ਕੌਰ ਨੂੰ ਜਣੇਪਾ ਦਰਦਾਂ ਸ਼ੁਰੂ ਹੋਣ ਕਰ ਕੇ ਪਰਿਵਾਰ ਵੱਲੋਂ ਉਸ ਨੂੰ ਕੋਟ ਈਸੇ ਖਾਂ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਇਸ ਮੌਕੇ ਔਰਤ ਰੋਗਾਂ ਦੀ ਮਾਹਿਰ ਡਾ. ਸਿਮਰਤ ਖੋਸਾ ਨੇ ਜਣੇਪੇ ਤੋਂ ਪਹਿਲਾਂ ਗਰਭਵਤੀ ਔਰਤ ਸੰਦੀਪ ਕੌਰ ਦੀ ਕਰੋਨਾ ਜਾਂਚ ਕੀਤੀ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਉਨ੍ਹਾਂ ਗਰਭਵਤੀ ਔਰਤ ਨੂੰ ਸਥਾਨਕ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਹਸਪਤਾਲ ਵਿਚ ਡਿਊਟੀ ’ਤੇ ਹਾਜ਼ਰ ਔਰਤ ਰੋਗ ਮਾਹਿਰ ਡਾ. ਮਨੀਸ਼ਾ ਗੁਪਤਾ ਅਤੇ ਸਟਾਫ਼ ਨਰਸ ਰਾਜਵੀਰ ਕੌਰ ਨੇ ਪੀਪੀਈ ਕਿੱਟ ਪਹਿਨ ਕੇ ਗਰਭਵਤੀ ਦਾ ਜਣੇਪਾ ਕਰਵਾਇਆ। ਉਨ੍ਹਾਂ ਕਿਹਾ ਕਿ ਜਚਾ-ਬੱਚਾ ਦੋਵੇਂ ਤੰਦਰੁਸਤ ਹਨ। ਡਾਕਟਰਾਂ ਮੁਤਾਬਕ ਔਰਤ ਮਾਸਕ ਪਹਿਨ ਕੇ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ।