ਪੱਤਰ ਪ੍ਰੇਰਕ
ਚਾਉਕੇ, 19 ਅਗਸਤ
ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਬੱਲ੍ਹੋ ਨੇ ਗੰਦੇ ਪਾਣੀ ਦੇ ਛੱਪੜਾਂ ਤੋ ਪਿੰਡ ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਥਾਪਰ ਮਾਡਲ ਛੱਪੜ ਬਣਾਉਣ ਵਾਸਤੇ ਸੰਸਥਾ ਦੇ ਅਹੁਦੇਦਾਰਾਂ ਨੇ ਅੱਜ ਸਰਪ੍ਰਸਤ ਗੁਰਮੀਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਰਣਸੀਹ ਕਲਾਂ ਦੇ ਟਰੀਟਮੈਂਟ ਪਲਾਂਟ ਦਾ ਦੌਰਾ ਕਰ ਕੇ ਯੋਜਨਾ ਉਲੀਕੀ।
ਇਸ ਮੌਕੇ ਪਿੰਡ ਰਣਸੀਹ ਕਲਾਂ ਦੇ ਕੌਮੀ ਐਵਾਰਡੀ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੇ ਸੰਸਥਾ ਤੇ ਪੰਚਾਇਤੀ ਅਹੁਦੇਦਾਰਾਂ ਨੂੰ ਪਿੰਡ ਵਿੱਚ ਪਾਏ ਗਏ ਸੀਵਰੇਜ ਤੇ ਟਰੀਟਮੈਂਟ ਪਲਾਂਟ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਰਣਸੀਹ ਕਲਾਂ ਦੇ ਟਰੀਟਮੈਂਟ ਪਲਾਂਟ ਦੀ ਤਰਜ਼ ’ਤੇ ਹੀ ਬੱਲ੍ਹੋ ਦੇ ਛੱਪੜਾਂ ਨੂੰ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਈ ਜਾਵੇਗੀ ਤੇ ਕਿਸਾਨਾਂ ਦੀ ਸਹੂਲਤ ਲਈ ਸਿੰਜਾਈ ਵਾਸਤੇ ਇਹ ਪਾਣੀ ਖੇਤਾਂ ਨੂੰ ਲੱਗਦਾ ਕੀਤਾ ਜਾਵੇਗਾ। ਸਵ. ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਬੱਲ੍ਹੋ ਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ’ਤੇ ਫ਼ੈਸਲਾ ਲਿਆ ਕਿ ਸਾਰੇ ਪਿੰਡ ਦਾ ਪੱਧਰ ਇੱਕੋ ਸਾਰ ਕੀਤਾ ਜਾਵੇਗਾ।