ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ
ਭਾਵੇਂ ਕਿਸਾਨ ਅੰਦੋਲਨ ਕਾਰਣ ਇਸ ਵਾਰ ਮੇਲਾ ਮਾਘੀ ਵਿੱਚ ਸੰਗਤਾਂ ਦੀ ਆਮਦ ਘੱਟ ਰਹਿਣ ਦੀ ਸੰਭਾਵਨਾ ਹੈ ਪਰ ਫਿਰ ਵੀ ਕਾਫੀ ਗਿਣਤੀ ਸੰਗਤਾਂ ਅੱਜ ਹੀ ਪੁੱਜਣਗੀਆਂ ਸ਼ੁਰੂ ਹੋ ਜਾਣਗੀਆਂ। ਕਿਸਾਨ ਅੰਦੋਲਨ ਕਾਰਨ ਹੀ ਇਸ ਵਾਰ ਲੰਗਰ ਵੀ ਬਹੁਤ ਘੱਟ ਲੱਗੇ ਹਨ। ਭਲਕੇ 14 ਜਨਵਰੀ ਨੂੰ ਚਾਲ੍ਹੀ ਮੁਕਤਿਆਂ ਨੂੰ ਨਤਮਸਤਕ ਹੋਣ ਅਤੇ ਪਵਿੱਤਰ ਇਸ਼ਨਾਨ ਵਾਸਤੇ ਸੰਗਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸਥਿਤ ਸਰੋਵਰ ਵਿੱਚ ਇਸ਼ਨਾਨ ਕਰਨਗੀਆਂ। ਇਸ਼ਨਾਨ 14 ਜਨਵਰੀ ਨੂੰ ਸੁਭ੍ਹਾ 12 ਵਜੇ ਤੋਂ ਹੀ ਸ਼ੁਰੂ ਹੋ ਜਾਵੇਗਾ। ਸੰਗਤਾਂ ਅੱਜ ਰਾਤ ਨੂੰ ਹੀ ਸ੍ਰੀ ਦਰਬਾਰ ਸਾਹਿਬ ਪੁੱਜਕੇ ਠਹਿਰ ਜਾਂਦੀਆਂ ਹਨ। ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਅਰੰਭ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਭਲਕੇ ਪਾਏ ਜਾਣਗੇ। ਇਸ ਦੌਰਾਨ ਭਾਈ ਮਹਾਂ ਸਿੰਘ ਦੀਵਾਨ ਹਾਲ ’ਚ ਢਾਡੀ ਦਰਬਾਰ ਹੋਵੇਗਾ। 15 ਜਨਵਰੀ ਨੂੰ ਨਗਰ ਕੀਰਤਨ ਤੇ ਨਿਹੰਗ ਸਿੰਘਾਂ ਵੱਲੋਂ ਯੁੱਧ ਕਰਤਬ ਵਿਖਾਏ ਜਾਣਗੇ ਅਤੇ ਮਹੱਲਾ ਕੱਢਿਆ ਜਾਵੇਗਾ।
ਐੱਸਐੱਸਪੀ (ਡੀ) ਸੁਡਰਵਿਲੀ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਛੁੱਟੀ ਦਾ ਐਲਾਨ
ਪੰਜਾਬ ਸਰਕਾਰ ਵੱਲੋਂ 14 ਜਨਵਰੀ ਨੂੰ ਮੇਲਾ ਮਾਘੀ ਸਬੰਧੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਇਸ ਦਿਨ ਸ਼ਹਿਰ ਅੰਦਰ ਦਾਖਲ ਹੋਣ ’ਤੇ ਬਾਹਰ ਜਾਣ ਵਿੱਚ ਭਾਰੀ ਦਿੱਕਤ ਹੁੰਦੀ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਮੇਲੇ ਸਬੰਧੀ ਆਏ ਮਹਿਮਾਨਾਂ ਨੂੰ ਸੰਭਾਲਣਾ ਹੁੰਦਾ ਹੈ, ਇਸ ਕਰਕੇ ਇਹ ਵਿਸ਼ੇਸ਼ ਛੁੱਟੀ ਕੀਤੀ ਗਈ ਹੈ।
ਚਾਲ੍ਹੀ ਮੁਕਤਿਆਂ ਦੀ ਯਾਦਗਾਰ ਸੋਲ੍ਹਵੇਂ ਸਾਲ ਵੀ ਰਹੀ ਅਣਗੌਲੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ 2 ਮਈ 2005 ਨੂੰ ਚਾਲ੍ਹੀ ਮੁਕਤਿਆਂ ਦੇ 300 ਸਾਲਾ ਸ਼ਹੀਦੀ ਸਮਾਗਮ ਮੌਕੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ‘ਮਾਈ ਭਾਗੋ ਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਯਾਦਗਾਰ’ ਦਾ ਨੀਂਹ ਪੱਥਰ ਰੱਖਿਆ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਗਿਆ ਸੀ ਇਸ ਜਗ੍ਹਾ ’ਤੇ ਮੁਕਤਿਆਂ ਦੀ ਯਾਦ ਵਿਚ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀ ਸਮਾਰਕ ਦੀਵਾਰ ਬਣਾਈ ਜਾਵੇਗੀ। ਸ੍ਰੀ ਬਾਦਲ ਨੇ ਇਕ ਸਾਲ ਅੰਦਰ ਇਹ ਯਾਦਗਾਰ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ ਪਰਇਸ ਯਾਦਗਾਰ ਦੇ ਨਾਂ ’ਤੇ ਸੋਲਾਂ ਵਰ੍ਹੇ ਬਾਅਦ ਵੀ ਇਕ ਇੱਟ ਨਹੀਂ ਲੱਗੀ। ਬੀਬੀ ਜਗੀਰ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਉਹ ਜਲਦੀ ਹੀ ਇਸ ਬਾਰੇ ਕੁਝ ਕਰਨਗੇ।