ਜਸਵੰਤ ਜੱਸ
ਫ਼ਰੀਦਕੋਟ, 4 ਮਈ
ਇੱਥੇ ਫ਼ਰੀਦਕੋਟ-ਫਿਰੋਜ਼ਪੁਰ ਰੋਡ ’ਤੇ ਸਥਿਤ ਵੇਅਰ ਹਾਊਸ ਦੇ ਗੋਦਾਮ ਵਿੱਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਅਨਾਜ ਸੜ ਕੇ ਸੁਆਹ ਹੋ ਗਿਆ। ਅੱਜ ਬੁਝਾਊ ਦਸਤਿਆਂ ਨੇ ਅੱਧੀ ਰਾਤ ਨੂੰ ਅੱਗ ਉੱਪਰ ਕਾਬੂ ਪਾਇਆ। ਮਿਲੀ ਜਾਣਕਾਰੀ ਅਨੁਸਾਰ ਵੇਅਰ ਹਾਊਸ ਦੇ ਜਿਸ ਗੋਦਾਮ ਨੂੰ ਅੱਗ ਲੱਗੀ ਹੈ, ਉਸ ਵਿੱਚ 83 ਮੀਟ੍ਰਿਕ ਟਨ ਚੌਲ ਅਤੇ ਕਰੀਬ 70 ਹਜ਼ਾਰ ਕਣਕ ਦੀ ਬੋਰੀ ਸਟੋਰ ਕੀਤੀ ਹੋਈ ਸੀ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਵੇਅਰ ਹਾਊਸ ਦੇ ਇੰਸਪੈਕਟਰ ਰਣਜੀਤ ਸਿੰਘ ਨੇ ਕਿਹਾ ਕਿ ਅੱਗ ਨਾਲ ਸੜੇ ਅਨਾਜ ਦਾ ਅਜੇ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਗ ਨਾਲ ਸੜੇ ਅਨਾਜ ਦੇ ਸਹੀ ਨੁਕਸਾਨ ਦੀ ਪਛਾਣ ਕਰਨ ਲਈ ਵਿਭਾਗ ਵੱਲੋਂ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜਾਂਚ ਟੀਮ ਮਾਮਲੇ ਵਿੱਚ ਆਪਣੀ ਰਿਪੋਰਟ ਵਿਭਾਗ ਨੂੰ ਸੌਂਪੇਗੀ। ਅੱਗ ਲੱਗਣ ਤੋਂ ਬਾਅਦ ਵੇਅਰਹਾਊਸ ਦੀ ਵਿਜੀਲੈਂਸ ਟੀਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਵੇਅਰਹਾਊਸ ਦੇ ਮੈਨੇਜਿੰਗ ਡਾਇਰੈਕਟਰ ਨੇ ਵੀ ਘਟਨਾ ਸਥਾਨ ’ਤੇ ਪੁੱਜ ਕੇ ਮੌਕੇ ਦਾ ਜਾਇਜ਼ਾ ਲਿਆ। ਪਰੰਤੂ ਉਨ੍ਹਾਂ ਨੇ ਇਸ ਘਟਨਾ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ।
ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਗਈ ਅੱਗ ਲੱਗਣ ਦੀ ਘਟਨਾ
ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਹੀ ਪਨਗ੍ਰੇਨ ਦੇ ਗੋਦਾਮਾਂ ਵਿੱਚ ਕਣਕ ਦੀ ਚੈਕਿੰਗ ਦੌਰਾਨ ਪਤਾ ਲੱਗਾ ਸੀ ਕਿ ਕਣਕ ਦੀਆਂ ਬੋਰੀਆਂ ਵਿੱਚ ਮਿੱਟੀ ਅਤੇ ਬੱਜਰੀ ਰਲੀ ਹੋਈ ਸੀ। ਉਨ੍ਹਾਂ ਕਿਹਾ ਕਿ ਵੇਅਰ ਹਾਊਸ ਦੇ ਗੋਦਾਮ ਵਿੱਚ ਲੱਗੀ ਅੱਗ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤ ਸੁਰੱਖਿਆ ਵਾਲੇ ਖੇਤਰ ਵਿੱਚ ਅਚਾਨਕ ਰਾਤ ਨੂੰ ਅੱਗ ਲੱਗਣਾ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਫੂਡ ਸਪਲਾਈ ਵਿਭਾਗ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਇੱਕ ਹਫ਼ਤੇ ਵਿੱਚ ਪੜਤਾਲ ਮੁਕੰਮਲ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।