ਨਿੱਜੀ ਪੱਤਰ ਪ੍ਰੇਰਕ
ਮਲੋਟ, 10 ਜੂਨ
ਰੇਲਵੇ ਲਾਈਨ ਦੇ ਨਾਲ ਸਥਿਤ ਸ਼ਮਸ਼ਾਨਘਾਟ ਤੋਂ ਫੈਲਦੀ ਅੱਗ ਨੇੜੇ ਸਥਿਤ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਦੇ ਗੁਦਾਮਾਂ ਨੂੰ ਪੈ ਗਈ, ਜਿਸ ’ਤੇ ਕਾਬੂ ਪਾਉਣ ਲਈ ਨੇੜਲੇ ਸ਼ਹਿਰਾਂ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਮੁਕੰਦ ਸਿੰਘ, ਹਰਪਾਲ ਸਿੰਘ, ਕ੍ਰਿਸ਼ਨ ਮਦਾਨ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿਖੇ ਮੁਰਦਿਆਂ ਦੇ ਨਾਲ ਰੱਖੇ ਜਾਂਦੇ ਕੱਪੜੇ, ਰਿਪੋਰਟਾਂ ਜਾਂ ਹੋਰ ਸਾਮਾਨ ਨੂੰ ਇਕੱਠਾ ਕਰਕੇ ਸਫਾਈ ਦੇ ਮੰਤਵ ਨਾਲ ਅੱਗ ਲਗਾਈ ਗਈ ਸੀ, ਪਰ ਸ਼ਮਸ਼ਾਨਘਾਟ ਤੋਂ ਲੈ ਕੇ ਗੋਦਾਮਾਂ ਤੱਕ ਸੁੱਕੇ ਸਰਕੰਡੇ ਦੀ ਭਰਮਾਰ ਹੈ, ਜਿਸ ਨੂੰ ਅੱਗ ਪੈ ਗਈ, ਜੋ ਤੇਜ਼ ਹਵਾ ਕਰਕੇ ਫੈਲਦੀ ਗਈ ਤੇ ਐਫਸੀਆਈ (ਬਫਰ) ਗੋਦਾਮਾਂ ਨੂੰ ਪੈ ਗਈ ਅਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਕਾਬੂ ਪਾਇਆ। ਓਧਰ ਕੁਝ ਲੋਕਾਂ ਵੱਲੋਂ ਅੱਗ ਦਾ ਕਾਰਨ ਵੱਡੇ ਅਨਾਜ ਘੋਟਾਲੇ ਨੂੰ ਛੁਪਾਉਣਾ ਵੀ ਦੱਸਿਆ ਗਿਆ, ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਅੱਗ ਲੱਗਣ ਸਬੰਧੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਉਪਰੰਤ ਦੋਸ਼ੀ ਮੁਲਾਜ਼ਮਾਂ ’ਤੇ ਪੁਲੀਸ ਕੇਸ ਵੀ ਦਰਜ ਹੋਏ ਹਨ। ਓਧਰ ਕਵਰੇਜ ਕਰਨ ਗਏ ਪੱਤਰਕਾਰਾਂ ਨੂੰ ਮੌਕੇ ‘ਤੇ ਮੌਜੂਦ ਏਐਮ ਵੱਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ।