ਲਖਵਿੰਦਰ ਸਿੰਘ
ਮਲੋਟ, 20 ਅਗਸਤ
ਮੀਂਹ ਕਰਕੇ ਜਲ-ਜਥ ਹੋਏ ਖੇਤ ਤੇ ਖਰਾਬ ਹੋਈਆਂ ਫਸਲਾਂ ਨੂੰ ਦੇਖ ਕੇ ਅੱਜ ਵੀ ਪਿੰਡ ਪੱਕੀ ਦੇ ਬਾਸ਼ਿੰਦੇ ਆਪਣੇ ਕਰਮਾਂ ਨੂੰ ਰੋ ਰਹੇ ਹਨ। ਹਾਲਾਂਕਿ, ਖੇਤਾਂ ’ਚੋਂ ਪਾਣੀ ਉਤਰ ਗਿਆ ਹੈ, ਪਰ ਬਾਵਜੂਦ ਇਸ ਦੇ ਕਿਸਾਨ ਮੁੜ ਤੋਂ ਖੇਤ ਤਿਆਰ ਕਰਨ ਲਈ ਹੋਣ ਵਾਲੇ ਖਰਚੇ ਤੋਂ ਡਰੇ ਹੋਏ ਹਨ।
ਪਿੰਡ ਪੱਕੀ ਦੇ ਕਿਸਾਨਾਂ ਜੁਗਰਾਜ ਸਿੰਘ ਭੁੱਲਰ, ਹਰਪਾਲ ਸਿੰਘ ਭੁੱਲਰ, ਜਸਵੰਤ ਸਿੰਘ, ਮਨਤਾਜ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਬਲਜਿੰਦਰ ਸਿੰਘ, ਰਾਜਪਿੰਦਰ ਸਿੰਘ ਅਤੇ ਅਨਮੋਲ ਸਿੰਘ ਆਦਿ ਨੇ ਦੱਸਿਆ ਕਿ 1997 ਤੋਂ ਲਗਾਤਾਰ ਮੀਂਹ ਅਤੇ ਸੇਮ ਕਰ ਕੇ ਉਨ੍ਹਾਂ ਦੀਆਂ ਫਸਲਾਂ ਮਰਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਕੀ ਦੇ ਦੁਆਲੇ ਬਣਿਆ ਸੇਮ ਨਾਲਾ ਕੁਦਰਤੀ ਵਹਾਅ ਅਨੁਸਾਰ ਨਹੀਂ ਬਣਿਆ। ਇਸ ਨੂੰ ਬਣਾਉਣ ਮੌਕੇ ਹੋਏ ਬੇਲੋੜੇ ਸਿਆਸੀ ਦਖ਼ਲ ਨੇ ਕਈ ਕਿਸਾਨਾਂ ਲਈ ਕੰਡੇ ਬੀਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਜਦੋਂ ਮੀਂਹ ਦੇ ਦਿਨਾਂ ਵਿੱਚ ਸੇਮ ਨਾਲਾ ਟੁੱਟਿਆ ਤਾਂ ਉਨ੍ਹਾਂ ਇਕ ਕਿਸ਼ਤੀ ਰਾਹੀਂ ਮਿੱਟੀ ਦੇ ਗੱਟੇ ਲੱਦ-ਲੱਦ ਕੇ ਉਸ ਨੂੰ ਬੰਨ੍ਹਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਖੇਤਰ ਤੋਂ ਵਾਕਿਫ ਡਰੇਨੇਜ ਵਿਭਾਗ ਦੇ ਕਰੀਬ ਢਾਈ ਦਰਜਨ ਅਧਿਕਾਰੀਆਂ ਤੇ ਛੋਟੇ ਕਰਮਚਾਰੀਆਂ ਨੂੰ ਸਰਕਾਰ ਨੇ ਤਬਦੀਲ ਕਰ ਕੇ ਦੂਰ-ਦੁਰਾਡੇ ਸ੍ਰੀ ਆਨੰਦਪੁਰ ਸਾਹਿਬ ਤੇ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਨਵੇਂ ਭਰਤੀ ਕੀਤੇ ਕਰਮਚਾਰੀਆਂ ਨੂੰ ਇੱਕ ਹਫਤੇ ਦੇ ਅੰਦਰ ਖਰਾਬੇ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਜੁਗਰਾਜ ਸਿੰਘ ਭੁੱਲਰ ਨੇ ਕਿਹਾ ਕਿ ਜਾਂ ਤਾਂ ਸੇਮ ਨਾਲਾ ਨਕਸ਼ੇ ਅਤੇ ਕੁਦਰਤੀ ਵਹਾਅ ਅਨੁਸਾਰ ਬਣਾਇਆ ਜਾਵੇ ਤੇ ਜਾਂ ਉਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਗ੍ਰਹਿਣ ਕਰ ਕੇ ਇੱਥੇ ਕੋਈ ਇੰਡਸਟਰੀ ਲਗਾ ਦੇਵੇ ਅਤੇ ਉਨ੍ਹਾਂ ਨੂੰ ਬਦਲੇ ਵਿੱਚ ਕਿਤੇ ਹੋਰ ੳਪਜਾਊ ਜ਼ਮੀਨ ਦਿੱਤੀ ਜਾਵੇ।
ਮੁੱਖ ਮੰਤਰੀ ਕੋਲੋਂ ਸੇਮ ਨਾਲੇ ਕੁਦਰਤੀ ਵਹਾਅ ਅਨੁਸਾਰ ਬਣਾਉਣ ਦੀ ਮੰਗ ਕੀਤੀ: ਵਿਧਾਇਕ
ਇਸ ਸਬੰਧੀ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਨੇ ਮੰਤਰੀ ਬਲਜੀਤ ਕੌਰ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ ਹੈ, ਜਿਸ ਵਿੱਚ ਸੇਮ ਨਾਲੇ ਵਿਭਾਗੀ ਨਕਸ਼ੇ ਅਤੇ ਕੁਦਰਤੀ ਵਹਾਅ ਅਨੁਸਾਰ ਬਣਾਉਣ ਦੀ ਮੰਗ ਕੀਤੀ ਗਈ ਹੈ।