ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 4 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਪੱਖੋ ਕੈਂਚੀਆਂ ਨੇੜੇ ਟੌਲ ਪਲਾਜ਼ੇ ਨੂੰ ਚੁਕਵਾਉਣ ਲਈ ਲੱਗਿਆ ਪੱਕਾ ਮੋਰਚਾ 96ਵੇਂ ਦਿਨ ਵੀ ਜਾਰੀ ਰਿਹਾ। ਬਠਿੰਡਾ ਜ਼ਿਲ੍ਹੇ ਦੇ ਬਲਾਕ ਫ਼ੂਲ ਅਤੇ ਬਰਨਾਲਾ ਜ਼ਿਲ੍ਹੇ ਦੇ ਬਲਾਕ ਸ਼ਹਿਣਾ ਨਾਲ ਸਬੰਧਤ ਜਥੇਬੰਦੀ ਦੇ ਆਗੂ ਤੇ ਵਰਕਰ ਮੋਰਚੇ ਵਿੱਚ ਟੌਲ ਨੂੰ ਚੁਕਵਾਉਣ ਲਈ ਡਟੇ ਹੋਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਇਹ ਟੌਲ ਸਿਰਫ਼ ਕੌਮੀ ਹਾਈਵੇਅ ਲਈ ਹੀ ਮਨਜ਼ੂਰ ਹੈ। ਜਦਕਿ ਜਿਸ ਜਗ੍ਹਾ ਟੌਲ ਲਗਾਇਆ ਗਿਆ ਹੈ, ਉਹ ਜਗ੍ਹਾ ਕੌਮੀ ਅਤੇ ਸਟੇਟ ਹਾਈਵੇਅ ਦੀ ਸਾਂਝੀ ਸੜਕ ਹੈ। ਇਸ ਕਰਕੇ ਟੌਲ ਕੰਪਨੀ ਵਲੋਂ ਬਾਜਾਖ਼ਾਨਾ ਦੇ ਸਟੇਟ ਰੋਡ ਤੋਂ ਆਉਣ ਵਾਲੇ ਲੋਕਾਂ ਤੋਂ ਵੀ ਟੌਲ ਵਸੂਲਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਟੌਲ ਸਬੰਧੀ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਵਿੱਚ ਵੀ ਮੁੱਦਾ ਚੁੱਕਿਆ ਸੀ ਅਤੇ ਮੁੱਖ ਮੰਤਰੀ ਨੇ ਇਸ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ। ਪਰ ਕਈ ਦਿਨ ਬੀਤਣ ਦੇ ਬਾਵਜੂਦ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੰਗ ਇਸ ਟੌਲ ਨੂੰ ਇਸ ਗਲਤ ਜਗ੍ਹਾ ਤੋਂ ਹਟਾ ਕੇ ਸਿਰਫ਼ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ‘ਤੇ ਤਬਦੀਲ ਕਰਵਾਉਣਾ ਹੈ ਅਤੇ ਆਪਣੀ ਮੰਗ ਪੂਰੇ ਹੋਣ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ। ਇਸ ਮੌਕੇ ਜਥੇਬੰਦੀ ਆਗੂ ਦਰਸ਼ਨ ਸਿੰਘ ਰਾਏਸਰ, ਬਲਵੰਤ ਸਿੰਘ ਨੰਬਰਦਾਰ, ਦਰਸ਼ਨ ਸਿੰਘ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।