ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 2 ਅਗਸਤ
ਇਥੇ ਐਕਸਿਸ ਬੈਂਕ ਦੀ ਬਰਾਂਚ ਵਿਚ ਕਿਸਾਨਾਂ ਨਾਲ 37 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਬੈਂਕ ਦੇ ਲੋਨ ਅਫਸਰ ਅੰਕਿਤ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਮੁਕਤਸਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸ਼ਾਖਾ ਪ੍ਰਬੰਧਕ ਸੁਮਿਤ ਚਾਵਲਾ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਿਰਮਲ ਸਿੰਘ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸ ਬੈਂਕ ਵਿਚ ਕਿਸਾਨ ਹਰਮੇਲ ਸਿੰਘ, ਗੁਰਜੰਟ ਸਿੰਘ, ਇਕਬਾਲ ਸਿੰਘ ਅਤੇ ਬਲਜੀਤ ਸਿੰਘ ਨੇ ਆਪਣੀਆਂ ਖੇਤੀਬਾੜੀ ਲਿਮਟਾਂ ਬੱਝਵਾਈਆਂ ਹੋਈਆਂ ਸਨ।
ਮੁਲਜ਼ਮ ਅੰਕਿਤ ਦਾ ਇਨ੍ਹਾਂ ਨਾਲ ਤਾਲਮੇਲ ਰਹਿੰਦਾ ਸੀ। ਕਿਸਾਨਾਂ ਨੂੰ ਭਰੋਸੇ ਵਿਚ ਲੈ ਕੇ ਲਿਮਟਾਂ ਦੇ ਪੈਸੇ ਬਚਤ ਖਾਤੇ ਵਿਚ ਟਰਾਂਸਫਰ ਕਰਨ ਦਾ ਝਾਂਸਾ ਦੇ ਖਾਲੀ ਚੈੱਕਾਂ ’ਤੇ ਦਸਤਖਤ ਕਰਵਾ ਲਏ ਤੇ ਮਗਰੋਂ ਆਪਣੇ ਮਨਸੂਬਿਆਂ ਨੂੰ ਪੂਰਾ ਕਰਦਿਆਂ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚੋਂ 36.85 ਲੱਖ ਰੁਪਏ ਕੱਢ ਲਏ। ਕਿਸਾਨਾਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦ ਬੈਂਕ ਨੇ ਇਨ੍ਹਾਂ ਨੂੰ ਕਿਸ਼ਤਾਂ ਨਾ ਭਰਨ ਦੇ ਨੋਟਿਸ ਫੜਾ ਦਿੱਤੇ। ਕਿਸਾਨਾਂ ਨੇ ਸੰਪਰਕ ਕੀਤਾ ਤਾਂ ਇਹ ਭੇਤ ਖੁੱਲ੍ਹਿਆਂ। ਇਸ ਦੌਰਾਨ ਮੁਲਜ਼ਮ ਫਰਾਰ ਹੋ ਗਿਆ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਕਿਸਾਨਾਂ ਵੱਲੋਂ ਧਰਨਾ ਵੀ ਦਿੱਤਾ ਗਿਆ ਸੀ।