ਪ੍ਰਸ਼ੋਤਮ ਬੱਲੀ
ਬਰਨਾਲਾ, 25 ਜੁਲਾਈ
ਪਾਵਰਕੌਮ ਦੇ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਾਂ ਦੀਆਂ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਪੈਨਸ਼ਨਰਜ਼ ਐਸੋਸੀਏਸ਼ਨ ਦੀ ਤਹਿ ਕੀਤੀ ਸਮਝ ਤੋਂ ਲਾਂਭੇ ਹੋ ਕੇ ਜਥੇਬੰਦਕ ਜ਼ਾਬਤੇ ਦੀ ਕੁਝ ਆਗੂਆਂ ਵੱਲੋਂ ਲੰਘੇ ਦਿਨੀਂ ਕੀਤੀ ਗਈ ਉਲੰਘਣਾ ਨੂੰ ਐਸੋਸੀਏਸ਼ਨ ’ਚ ਫੁੱਟ ਦੇ ਨਾਕਮ ਯਤਨ ਦੀ ਨਿਖੇਧੀ ਕੀਤੀ ਗਈ। ਐਸੋਸੀਏਸ਼ਨ ਆਗੂਆਂ ਪਾਵਰਕੌਮ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਖਿਲਾਫ਼ ਮੈਨੇਜਮੈਂਟ ਤੇ ਸੂਬਾ ਸਰਕਾਰ ਵੱਲੋਂ ਵਿੱਢੇ ਹੱਲੇ ਦੇ ਵਿਰੁੱਧ ਤਰਥੱਲਪਾਊ ਜਥੇਬੰਦਕ ਸੰਘਰਸ਼ਾਂ ਨੂੰ ਸਮੇਂ ਦੀ ਅਣਸਰਦੀ ਲੋੜ ਦੱਸਿਆ। ਅਜਿਹੇ ’ਚ ਫੁੱਟਪਾਊ ਗਤੀਵਿਧੀਆਂ ਆਪਾ ਵਿਰੋਧੀ ਹੋਣ ਪ੍ਰਤੀ ਸੁਚੇਤ ਕੀਤਾ। ਅੱਜ ਦੀ ਮੀਟਿੰਗ ਵਿੱਚ ਮਹਿੰਦਰ ਸਿੰਘ ਕਾਲਾ, ਜੋਗਿੰਦਰ ਪਾਲ ਸ਼ਰਮਾ, ਮੇਲਾ ਸਿੰਘ ਕੱਟੂ, ਜਗਦੀਸ਼ ਸਿੰਘ ਨਾਈਵਾਲਾ, ਜੱਗਾ ਸਿੰਘ ਧਨੌਲਾ, ਜਨਕ ਸਿੰਘ, ਜਗਰਾਜ ਸਿੰਘ ਬਾਜਵਾ, ਜਨਕ ਸਿੰਘ ਤਪਾ, ਰਾਜਿੰਦਰ ਸਿੰਘ ਖਿਆਲੀ, ਬਲਦੇਵ ਸਿੰਘ ਬਾਜਵਾ, ਬੂਟਾ ਸਿੰਘ ਛੰਨਾਂ,ਗੌਰੀ ਸੰਕਰ, ਅਬਜਿੰਦਰ ਸਿੰਘ ਆਦਿ ਨੇ ਅਹਿਦ ਕੀਤਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਦੀ ਦਰੁਸਤ ਬੁਨਿਆਦੀ ਵਿਚਾਰਧਾਰਕ ਪਹੁੰਚ ਦੀ ਪੂਰੀ ਜ਼ਿੰਮੇਵਾਰੀ ਨਾਲ ਰਾਖੀ ਕੀਤੀ ਜਾਵੇਗੀ। ਮੀਟਿੰਗ ਵਿੱਚ ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਨਮਿੱਤ ਹੋਣ ਵਾਲੇ ਸੂਬਾਈ ਸ਼ਰਧਾਂਜਲੀ ਸਮਾਗਮ ’ਚ ਪੂਰਨ ਸਹਿਯੋਗ ਤੇ ਸ਼ਿਰਕਤ ਦਾ ਸੱਦਾ ਦਿੱਤਾ।