ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਨਵੰਬਰ
ਪੰਜਾਬ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਬਿਜਲੀ ਬਕਾਇਆ ਬਿੱਲ ਮੁਆਫ਼ ਕਰਨ ਅਤੇ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕਰਨ ਨਾਲ ਸੂਬੇ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮਾਲ ਮੰਤਰੀ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਬਲਾਕ ਭਗਤਾ ਭਾਈ ਦੇ ਪਿੰਡ ਦਿਆਲਪੁਰਾ ਭਾਈਕਾ, ਹਮੀਰਗੜ੍ਹ, ਆਕਲੀਆ, ਭੋਡੀਪੁਰਾ ਤੇ ਕੋਇਰ ਸਿੰਘ ਵਾਲਾ ਵਿੱਚ ਲੋਕਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਸਬੰਧੀ ਲਗਾਏ ਗਏ ਕੈਂਪਾਂ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਕਰਨ ਨਾਲ ਪੰਜਾਬ ਦੇ ਕਰੀਬ 90 ਫ਼ੀਸਦ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਕਿ 0 ਤੋਂ 7 ਕਿਲੋਵਾਟ ਤੱਕ ਬਿਜਲੀ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਬਕਾਇਆ ਮੁਆਫ਼ੀ ਦੇ ਚੱਲਦਿਆਂ ਉਨ੍ਹਾਂ ਸੈਂਕੜੇ ਘਰਾਂ ’ਚ ਮੁੜ ਚਾਨਣ ਹੋਵੇਗਾ, ਜਿਨ੍ਹਾਂ ਦਾ ਬਿੱਲ ਨਾ ਭਰਨ ਕਾਰਨ ਬਿਜਲੀ ਕੁਨੈਕਸ਼ਨ ਕੱਟ ਹੋਇਆ ਸੀ। ਇਸ ਮੌਕੇ ਐੱਸ.ਡੀ.ਓ. ਗੁਰਮੇਲ ਸਿੰਘ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਜਗਜੀਤ ਬਰਾੜ, ਸਰਪੰਚ ਸੁਖਪਾਲ ਕਾਲਾ ਆਦਿ ਹਾਜ਼ਰ ਸਨ।