ਐੱਨਪੀ ਸਿੰਘ
ਬੁਢਲਾਡਾ, 4 ਦਸੰਬਰ
ਤਹਿਸੀਲ ਦੇ ਪਿੰਡ ਦਿਆਲਪੁਰਾ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਪੁੱਜੇ ਪਿੰਡ ਦੇ 91 ਸਾਲਾ ਸੁਰਜੀਤ ਸਿੰਘ ਸਾਬਕਾ ਸਰਪੰਚ ਅਤੇ 90 ਸਾਲਾ ਬੌਰੀਆ ਸਿੰਘ ਦੀ ਧੁਰੋਂ ਪੱਕੀ ਆੜੀ ਰਹੀ ਹੈ। ਇਨ੍ਹਾਂ ਦੋਵੇਂ ਮਿੱਤਰਾਂ ਨੇ ਜਵਾਨੀ ਸਮੇਂ ਇਕੱਠਿਆਂ ਖੇਤੀ ਵੀ ਕੀਤੀ ਤੇ ਇਕੱਠੇ ਮੇਲਿਆਂ ਅਤੇ ਤੀਰਥਾਂ ’ਤੇ ਵੀ ਜਾਂਦੇ ਰਹੇ। ਹੁਣ ਦਿੱਲੀ ਦੀ ਸਰਦਲ ਤੱਕ ਪੁੱਜੇ ਇਹ ਦੋਵੇਂ ਜੋਟੀਦਾਰਾਂ ਨੂੰ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਹਮਾਇਤ ਵਿੱਚ ਦਿੱਲੀ ਮੋਰਚਾ ਜ਼ਿੰਦਗੀ ਦਾ ਆਖ਼ਰੀ ਦਾਅ ਲੱਗ ਰਿਹਾ ਹੈ। ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਦੋਵਾਂ ਬਜ਼ੁਰਗਾਂ ਨੂੰ ਫੋਨ ਕਰਕੇ ਮੋਰਚੇ ’ਚ ਡਟੇ ਰਹਿਣ ਦਾ ਹੌਸਲਾ ਦੇ ਰਹੇ ਹਨ। ਦੋਵਾਂ ਨੂੰ ਮੋਰਚੇ ਤੋਂ ਪਿੱਛੇ ਹੱਟਣਾ ਨਮੋਸ਼ੀ ਲੱਗਦਾ ਹੈ। ਇਹ ਦੋਵੇਂ ਹੀ ਕਰੋ ਜਾਂ ਮਰੋ ਦੀ ਨੀਤੀ ਤੇ ਉੱਤਰੇ ਹੋਏ ਹਨ। ਦੋਵੇਂ ਦੋਸਤਾਂ ਦੇ ਨਾਲ ਗਏ ਡਕੌਂਦਾ ਜੱਥੇਬੰਦੀ ਦੇ ਬੁਢਲਾਡਾ ਤੋਂ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਨੇ ਫੋਨ ’ਤੇ ਦੱਸਿਆ ਕਿ ਦੋਵੇਂ ਬਾਬੇ ਨੌ ਬਰ ਨੌ ਹਨ। ਸਵੇਰੇ ਉਹ ਸਭ ਤੋਂ ਪਹਿਲਾਂ ਉੱਠ ਕੇ ਦੂਜਿਆਂ ਨੂੰ ਜਗਾਉਂਦੇ ਹਨ ਤੇ ਕਹਿੰਦੇ ਨੇ ਉੱਠੋ ਮੁੰਡਿਓ ਤਕੜੇ ਹੋ ਜੋ। ਉਨ੍ਹਾਂ ਦੱਸਿਆ ਕਿ ਕੱਲ ਪਿੰਡੋਂ ਫੋਨ ਆਇਆ ਸੀ ਤੇ ਕਹਿ ਰਹੇ ਸੀ ਕਿ ਬਾਪੂ ਤੁਸੀਂ ਤਾਂ ਵਾਪਿਸ ਆ ਜਾਓ ਹੁਣ ਮੁੰਡੇ ਆਪੇ ਮੋਰਚਾ ਸੰਭਾਲ ਲੈਣਗੇ। ਉਨ੍ਹਾਂ ਦੱਸਿਆ ਕਿ ਬਾਪੂ ਸੁਰਜੀਤ ਕਹਿ ਰਿਹਾ ਸੀ ਕਿ ਇਨ੍ਹਾਂ ਨੂੰ ਕੀ ਪਤੈ ਮੋਰਚੇ ਸਾਂਭਣ ਦਾ। ਸਾਡੇ ਦਾਬੇ ਨਾਲ ਹੀ ਤਾਂ ਇੰਨ੍ਹਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਦਿੱਲੀ ਸਰਹੱਦ ’ਤੇ ਬੈਠੇ ਇੱਕੋ ਪਿੰਡ ਦੇ ਪੁਰਾਣੇ ਮਿੱਤਰ ਮੋਰਚਾ ਛੱਡ ਕੇ ਘਰ ਵਾਪਸ ਆਉਣ ਨੂੰ ਤਿਆਰ ਨਹੀਂ ਹਨ। ਸਗੋਂ ਬਾਂਹਵਾਂ ਖੜ੍ਹੀਆਂ ਕਰਕੇ ਨਾਅਰੇ ਮਾਰਦੇ ਆਖਦੇ ਹਨ ਕਿ ਖਾਲੀ ਹੱਥ ਦਿੱਲੀਓਂ ਨਹੀਂ ਮੁੜਾਂਗੇ।