ਪੱਤਰ ਪ੍ਰੇਰਕ
ਮਾਨਸਾ, 4 ਸਤੰਬਰ
ਮਾਨਸਾ ਜ਼ਿਲ੍ਹੇ ਦੇ ਹਿੱਸੇ ਇਸ ਵਾਰ ਨੈਸ਼ਨਲ ਐਵਾਰਡ ਸਣੇ 7 ਐਵਾਰਡ ਹਿੱਸੇ ਆਏ ਹਨ। 4 ਅਧਿਆਪਕਾਂ ਨੇ ਇਸ ਜ਼ਿਲ੍ਹੇ ’ਚ ਪੜ੍ਹਾਉਂਦਿਆਂ ਹਾਸਲ ਕੀਤੇ ਹਨ, ਜਦੋਂਕਿ ਦੋ ਐਵਾਰਡ ਬਰਨਾਲਾ, ਸੰਗਰੂਰ ਜ਼ਿਲ੍ਹੇ ’ਚ ਪੜ੍ਹਾਉਂਦਿਆਂ ਮਾਨਸਾ ਦੇ ਰਹਿਣ ਵਾਲੇ ਅਧਿਆਪਕਾਂ ਨੇ ਹਾਸਲ ਕੀਤੇ ਹਨ।
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ਸਨਮਾਨਿਤ ਕਰਨ ਵਾਲਿਆਂ ਦੀ ਲਿਸਟ ਵਿੱਚ ਵਿੱਦਿਅਕ ਸਹੂਲਤਾਂ ਪੱਖੋਂ ਫਾਡੀ ਮੰਨੇ ਜਾਂਦੇ ਇੱਕ ਨੈਸ਼ਨਲ ਅਵਾਰਡ ਤੋ ਬਾਅਦ ਮਾਨਸਾ ਦੇ ਹਿੱਸੇ 6 ਸਟੇਟ ਪੱਧਰੀ ਐਵਾਰਡ ਆਏ ਹਨ। ਬੁਢਲਾਡੇ ਦੇ ਰਹਿਣ ਵਾਲੇ ਪ੍ਰਿੰਸੀਪਲ ਅਰੁਣ ਕੁਮਾਰ ਦੀ ਵੀ ਪਿਛਲੇ ਦਿਨੀਂ ਕੌਮੀ ਅਧਿਆਪਕ ਅਵਾਰਡ ਲਈ ਚੋਣ ਹੋਈ ਸੀ, ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਇਹ ਐਵਾਰਡ ਮਿਲਣ ਜਾ ਰਿਹਾ ਹੈ।
ਸਨਮਾਨਿਤ ਕਰਨ ਵਾਲਿਆਂ ਦੀ ਲਿਸਟ ’ਚ ਪਰਮਿੰਦਰ ਤਾਂਗੜੀ ਜੋ ਸਸਸਸਸ ਬੋਹਾ ਵਿੱਚ ਲੈਕਚਰ ਬਾਇਓਲੋਜੀ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਪਰਮਿੰਦਰ ਤਾਂਗੜੀ ਨੇ ਆਪਣੇ ਸਕੂਲ ਨੂੰ ਖੂਬਸੂਰਤ ਬਣਾਉਣ ਵਿੱਚ, ਜਿੱਥੇ ਅਹਿਮ ਭੂਮਿਕਾ ਅਦਾ ਕੀਤੀ ਹੈ। ਸਰਕਾਰੀ ਹਾਈ ਸਕੂਲ ਦੋਦੜਾ ਦੇ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਦੀ ਬਾ-ਕਮਾਲ ਦੀ ਮਿਹਨਤ ਨੇ ਦੋਦੜਾ ਦਾ ਸਕੂਲ ਪੰਜਾਬ ਭਰ ਦੀਆਂ ਅਗਲੇਰੀਆਂ ਪੋਜ਼ੀਸ਼ਨਾਂ ’ਚ ਲੈ ਆਂਦਾ ਹੈ। ਸਰਕਾਰੀ ਹਾਈ ਸਕੂਲ ਮੰਡੇਰ ਦੇ ਪਰਵਿੰਦਰ ਸਿੰਘ, ਜੋ ਕਿ ਕੰਪਿਊਟਰ ਫੈਕਲਟੀ ਵਜੋਂ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਇਨ੍ਹਾਂ ਦੀ ਕੰਪਿਊਟਰ ਦੀ ਮੁਹਾਰਤ ਤੇ ਵਿਭਾਗ ਨੂੰ ਮਾਣ ਹੈ। ਯੰਗ ਐਵਾਰਡ ਪ੍ਰਾਪਤ ਕਰਨ ਵਾਲੀ ਰੈਨੂੰ ਬਾਲਾ ਮੈਥ ਮਿਸਟ੍ਰੈਸ ਲੜਕੀਆਂ ਬੁਢਲਾਡਾ ਵੀ ਆਪਣੇ ਕਿੱਤੇ ਵਿੱਚ ਪੂਰੀ ਮੁਹਾਰਤ ਹੋਣ ਦੇ ਨਾਲ ਬੱਚਿਆਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਅਹਿਮ ਕਦਮ ਪੁੱਟ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਗੁਰਵਿੰਦਰ ਸਿੰਘ ਮਠਾੜੂ, ਜੋ ਹੈੱਡ ਟੀਚਰ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਸਤੌਜ ਵਿਖੇ ਆਪਣੀਆਂ ਅਹਿਮ ਸੇਵਾਵਾਂ ਦੇ ਰਹੇ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਸਤੌਜ ’ਚ ਤੈਨਾਤ ਗੁਰਵਿੰਦਰ ਸਿੰਘ ਮਠਾੜੂ ਨੇ ਆਪਣੀ ਮਿਹਨਤ ਸਦਕਾ ਸਕੂਲ ਤੇ ਬੱਚਿਆਂ ਦੀ ਨੁਹਾਰ ਹੀ ਬਦਲ ਦਿੱਤੀ ਹੈ। ਮਾਨਸਾ ਦੇ ਹੀ ਰਹਿਣ ਵਾਲੇ ਨਿਤਿਨ ਸੋਢੀ ਜੋ ਸਰਕਾਰੀ ਪ੍ਰਾਇਮਰੀ ਸਕੂਲ ਰੂੜੇਕੇ ਕਲਾਂ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਦੀ ਮਿਹਨਤ ਸਦਕਾ ਸਕੂਲ ਬੁਲੰਦੀਆਂ ਨੂੰ ਛੂਹ ਰਿਹਾ ਹੈ।