ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 22 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪਿੰਡ ਜਗਜੀਤਪੁਰਾ ਦੇ ਟੌਲ ਪਲਾਜ਼ਾ ਨੂੰ ਚੁਕਵਾਉਣ ਲਈ ਵਿੱਢੇ ਸੰਘਰਸ਼ ਦੀ ਲੜੀ ਤਹਿਤ ਕਸਬਾ ਭਗਤਾ ਭਾਈ ਕਾ ਤੋਂ ਪਿੰਡ ਜਗਜੀਤਪੁਰਾ ਦੇ ਟੌਲ ਪਲਾਜ਼ਾ ਤੱਕ (ਵਾਇਆ ਸਲਾਵਤਪੁਰਾ, ਸ਼ਹਿਣਾ) ‘ਸਰਕਾਰ ਜਗਾਓ’ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸ਼ਹਿਣਾ ਤੇ ਫੂਲ ਬਲਾਕ ਦੇ ਹਰ ਪਿੰਡ, ਕਸਬੇ, ਸ਼ਹਿਰਾਂ ਦੀਆਂ ਸੰਸਥਾਵਾਂ ਨੂੰ ਇਸ ਲੋਕ ਸੰਘਰਸ਼ ਦਾ ਹਿੱਸਾ ਬਣਨ ਲਈ ਅਪੀਲ ਭੇਜੀ ਗਈ ਹੈ। ਸਰਕਾਰ ਜਗਾਓ ਮਾਰਚ ’ਚ ਸ਼ਾਮਲ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਬਲਦੇਵ ਸਿੰਘ ਭਾਈਰੂਪਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਗੁਰਮੀਤ ਸਿੰਘ ਭੱਟੀਵਾਲ, ਦਰਸ਼ਨ ਸਿੰਘ ਰਾਏਸਰ ਨੇ ਕਿਹਾ ਕਿ ਇਹ ਟੌਲ ਪਲਾਜ਼ਾ ਆਮ ਲੋਕਾਂ ਦੀਆਂ ਜੇਬਾਂ ਉਪਰ ਸਿੱਧਾ ਡਾਕਾ ਹੈ। ਸਰਕਾਰਾਂ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰ ਕੇ ਕਾਰਪੋਰੇਟ ਘਰਾਣਿਆਂ ਦੀ ਸਿੱਧੀ ਮਦਦ ’ਤੇ ਲੱਗੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਜਗਜੀਤਪੁਰਾ ਤੋਂ ਬਾਜਾਖਾਨਾ ਤੱਕ ਸੜਕ ਬੁਰੀ ਤਰ੍ਹਾਂ ਟੁੱਟੀ ਪਈ ਹੈ।
ਇਸ 45 ਕਿਲੋਮੀਟਰ ਲੰਬੇ ਸਫ਼ਰ ’ਚ ਥਾਂ ਥਾਂ ਖੱਡੇ ਹਨ, ਹਰ ਰੋਜ਼ ਹਾਦਸੇ ਵਾਪਸ ਰਹੇ ਹਨ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ 26 ਅਗਸਤ ਤੋਂ ਸ਼ੁਰੂ ਹੋਏ ਇਸ ਲੋਕ ਸੰਘਰਸ਼ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੇ ਹੋਏ ਹਨ। ਇਸ ਲਈ ਇਸ ਲੋਕ ਸੰਘਰਸ਼ ਦਾ ਦਾਇਰਾ ਵਧਾਉਣ ਲਈ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਤੋਂ ਹਮਾਇਤ ਜੁਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨਜਾਇਜ ਲੱਗੇ ਟੌਲ ਪਲਾਜ਼ੇ ਨੂੰ ਪੁਟਾਉਣ ਲਈ ਚਲ ਰਹੇ ਸੰਘਰਸ਼ ’ਚ ਵੱਧ ਤੋਂ ਵੱਧ ਯੋਗਦਾਨ ਪਾਉਣ।