ਪੱਤਰ ਪ੍ਰੇਰਕ
ਮਾਨਸਾ, 3 ਅਪਰੈਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਐਗਜੈਕਟਿਵ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗੁੰਮ ਕਰਨ ਦੇ ਦੋਸ਼ਾਂ ਅਧੀਨ ਐੱਸਜੀਪੀਸੀ ਦੇ ਬਰਖਾਸਤ ਤਿੰਨ ਮੁਲਾਜ਼ਮਾਂ ਨੂੰ ਹਾਈ ਕੋਰਟ ਵੱਲੋਂ ਬਹਾਲ ਕਰਨਾ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਹੈ, ਜੋ ਕੇਸ ਨੂੰ ਮਜ਼ਬੂਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਐੱਸਜੀਪੀਸੀ ਲਈ ਨਮੋਸ਼ੀ ਵਹਲੀ ਗੱਲ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁੰਮ ਕੀਤੇ ਸਰੂਪਾਂ ਤੇ ਬੇਅਦਬੀਆਂ ਵਿਰੁੱਧ ਰੋਸ ਪ੍ਰਗਟ ਕਰਨ ਵਾਲੇ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀਆਂ ’ਚੋਂ ਕਿਸੇ ਨੂੰ ਵੇ ਅਜੇ ਤੱਕ ਸਜ਼ਾ ਨਹੀਂ ਦਿਵਾ ਜਾ ਸਕੇ। ਉਨ੍ਹਾਂ ਕਿਹਾ ਕਿ ਕਮੇਟੀ ਦੋਸ਼ੀਆਂ ਵਿਰੁੱਧ ਪਹਿਲੇ ਪੜਾਅ ਤੋਂ ਅਦਾਲਤ ਤੱਕ ਕਿਸੇ ਵੀ ਕਦਮ ’ਤੇ ਕੇਸ ਨੂੰ ਕਾਨੂੰਨੀ ਪੱਖੋਂ ਮਜ਼ਬੂਤ ਨਹੀਂ ਕੀਤਾ ਜਿਸ ਕਰਕੇ ਸਭ ਦੋਸ਼ੀ ਬਚ ਕੇ ਨਿਕਲਣ ’ਚ ਕਾਮਯਾਬ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਮੇਟੀ ਦੇ ਉਨ੍ਹਾਂ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀਆਂ ਨਾਲਾਇਕੀਆਂ ਕਰਕੇ ਇਹ ਵਰਤਾਰਾ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇੱਕ ਅਜਿਹੇ ਦੌਰ ’ਚੋਂ ਲੰਘ ਰਹੀ ਹੈ, ਜਦੋਂ ਉਹ ਲੀਡਰਸ਼ਿਪ ਰਹਿਤ ਹੈ, ਜਿਸ ਕਰਕੇ ਦੁਸ਼ਮਣ ਤਾਕਤਾਂ ਲਗਾਤਾਰ ਹਮਲੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਇਨ੍ਹਾਂ ਤਾਕਤਾਂ ਨੇ ਮਹਾਨ ਸੰਸਥਾਵਾਂ ਅੰਦਰ ਆਪਣੇ ਪੈਰ ਇਨ੍ਹੇ ਮਜ਼ਬੂਤ ਕਰ ਲਏ ਹਨ ਕਿ ਹੁਣ ਉਹ ਸਿੱਧੇ ਜਾਂ ਅਸਿੱਧੇ ਰੂਪ ’ਚ ਆਪਣਾ ਏਜੰਡਾ ਲਾਗੂ ਕਰ ਰਹੀਆਂ ਹਨ।