ਸ਼ੰਗਾਰਾ ਸਿੰਘ ਅਕਲੀਆ
ਜੋਗਾ, 30 ਜੁਲਾਈ
ਪਿੰਡ ਰੱਲਾ ਵਿੱਚ ਡੇਰਾ ਮਸਤ ਰਾਮ ਰੱਲਾ ਦੇ ਮੁਖੀ ਮਹੰਤ ਗੋਪਾਲ ਦਾਸ ਅਤੇ ਬਾਬਾ ਸੁਰਮਖ ਦਾਸ ਵਿਚਾਲੇ ਮਹੰਤੀ ਨੂੰ ਲੈ ਕੇ ਚੱਲਿਆ ਆ ਰਿਹਾ ਕਾਟੋ ਕਲੇਸ਼ ਅੱਜ ਉਸ ਸਮੇਂ ਭਖ਼ ਗਿਆ ਜਦੋਂ ਡੇਰਾ ਮੁਖੀ ਮਹੰਤ ਗੋਪਾਲ ਦਾਸ ਨੇ ਬਾਬਾ ਸੁਰਮਖ ਦਾਸ ਨੂੰ ਡੇਰਾ ਰੱਲਾ ’ਚੋਂ ਬਾਹਰ ਕਰ ਦਿੱਤਾ। ਦੂਜੇ ਪਾਸੇ ਪਿੰਡ ਰੱਲਾ ਦੇ ਲੋਕਾਂ ਵੱਲੋਂ ਡੇਰਾ ਮੁਖੀ ਮਹੰਤ ਗੋਪਾਲ ਦਾਸ ਖਿਲਾਫ਼ ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਬਣਾ ਦਿੱਤੀ ਗਈ। ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਸਹਿਯੋਗ ਦੇ ਨਾਲ ਅੱਜ ਰਾਇ ਪੱਤੀ ਪਾਰਕ ਰੱਲਾ ਵਿੱਚ ਰੈਲੀ ਕੀਤੀ। ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਰੱਲਾ ਨੇ ਕਿਹਾ ਕਿ ਮਹੰਤ ਗੋਪਾਲ ਦਾਸ ਨੇ ਅੱਜ ਤੋਂ 40 ਸਾਲ ਪਹਿਲਾਂ ਸੁਰਮਖ ਦਾਸ ਵਾਸੀ ਰੱਲਾ ਨੂੰ ਉਦਾਸੀ ਮਰਿਯਾਦਾ ਅਨੁਸਾਰ ਆਪਣਾ ਚੇਲਾ ਬਣਾਇਆ ਹੋਇਆ ਹੈ, ਨੂੰ ਬੀਤੇ ਦਿਨੀਂ ਬਿਨਾਂ ਕਿਸੇ ਕਸੂਰ ਤੋਂ ਡੇਰੇ ’ਚੋਂ ਬਾਹਰ ਕਰ ਦਿੱਤਾ, ਜੋ ਲੋਕਾਂ ਨੂੰ ਬਰਦਾਸ਼ਤ ਨਹੀਂ।
ਦੂਜੇ ਪਾਸੇ ਡੇਰਾ ਮੁਖੀ ਮਹੰਤ ਗੋਪਾਲ ਦਾਸ ਨੇ ਕਿਹਾ ਮੈਂ 1983 ਤੋਂ ਡੇਰਾ ਰੱਲਾ ਦਾ ਮਹੰਤ ਹਾਂ, ਮੇਰਾ ਸੁਰਮਖ ਦਾਸ ਨਾਲ ਕੋਈ ਸਬੰਧ ਨਹੀਂ। ਵਿਵਾਦ ਭਖ਼ਦਾ ਦੇਖ ਡੀਐੱਸਪੀ ਹਰਜਿੰਦਰ ਸਿੰਘ ਗਿੱਲ, ਥਾਣਾ ਜੋਗਾ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਹਥਿਆਰਾਂ, ਅੱਥਰੂ ਗੈਸ ਗੋਲਿਆਂ, ਡੰਡਿਆਂ ਦੇ ਨਾਲ ਲੈਂਸ ਸੀ, ਨੇ ਪਿੰਡ ਰੱਲਾ ਨੂੰ ਪੁਲੀਸ ਛਾਊਣੀ ਵਿੱਚ ਤਬਦੀਲ ਕਰ ਲਿਆ।