ਪੱਤਰ ਪ੍ਰੇਰਕ
ਮਾਨਸਾ, 19 ਫਰਵਰੀ
ਵਿਧਾਨ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਇਨਕਲਾਬੀ ਕੇਂਦਰ, ਪੰਜਾਬ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਹਿਯੋਗ ਨਾਲ ਲੋਕਾਂ ਦੀ ਪੁੱਗਤ ਵਾਲਾ ਨਵਾਂ ਇਨਕਲਾਬੀ ਬਦਲ ਉਭਾਰਨ ਲਈ ‘ਰਾਜ ਬਦਲੋ-ਸਮਾਜ ਬਦਲੋ’ ਕਨਵੈਨਸ਼ਨ ਮਹਿੰਦਰ ਸਿੰਘ ਦਿਆਲਪੁਰਾ, ਐਡਵੋਕੇਟ ਬਲਵੀਰ ਕੌਰ, ਮਹਿੰਦਰ ਸਿੰਘ ਭੈਣੀਬਾਘਾ, ਦੇਵੀ ਰਾਮ ਅਤੇ ਪਾਲ ਸਿੰਘ ਦੀ ਪ੍ਰਧਾਨ ਹੇਠ ਮਾਨਸਾ ਨੇੜਲੇ ਪਿੰਡ ਕੋਟਲੱਲੂ ਵਿਚ ਹੋਈ।
ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਮੌਜੂਦਾ ਪਾਰਲੀਮਾਨੀ ਪ੍ਰਬੰਧ, ਜਿਸ ਕਦਰ ਸਿਆਸੀ ਤੌਰ ’ਤੇ ਗਰਕ ਗਿਆ ਹੈ, ਉਸ ਕੋਲੋਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਹੋਣ ਦੀ ਆਸ ਸਮਾਪਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 75 ਸਾਲ ਦੇ ਅਰਸੇ ਤੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਮੌਕਾਪ੍ਰਸਤੀ, ਧਨ, ਬਾਹੂਬਲ ਅਤੇ ਨਸ਼ਿਆਂ ਦੀ ਵਰਤੋਂ ਕਰ ਕੇ ਹਕੂਮਤੀ ਕੁਰਸੀਆਂ ਉੱਤੇ ਬਿਰਾਜਮਾਨ ਹੋ ਜਾਂਦੀਆਂ ਹਨ ਤੇ ਲੋਕ ਮਸਲਿਆਂ ਨੂੰ ਵਿਸਾਰ ਕੇ ਇਹ ਹਾਕਮ ਜਮਾਤੀ ਪਾਰਟੀਆਂ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਗਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਪਾਰਲੀਮੈਂਟਰੀ ਪਾਰਟੀਆਂ ਦਾ ਪ੍ਰੋਗਰਾਮ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਰੁਜ਼ਗਾਰ ਦੇ ਵਸੀਲਿਆਂ ਦੇ ਉਜਾੜੇ ਅਤੇ ਦੇਸ਼ ਦੇ ਕੁਦਰਤੀ ਮਾਲ ਖ਼ਜਾਨਿਆਂ ਨੂੰ ਕੌਡੀਆਂ ਦੇ ਭਾਅ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਕਿਰਤੀ ਲੋਕਾਂ ਦੀ ਮੁਕਤੀ ਦਾ ਮਾਰਗ ਪਾਰਲੀਮਾਨੀ ਚੋਣਾਂ ਅੰਦਰ ਗਲਤਾਨ ਹੋਣਾ ਨਹੀਂ, ਬਲਕਿ ਲੋਕ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਕੇ ਦੇਸ਼ ਅੰਦਰ ਹਕੀਕੀ ਇਨਕਲਾਬੀ ਤਬਦੀਲੀ ਲਈ ਜੂਝਣਾ ਹੈ।
ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਹਾਕਮ ਜਮਾਤਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ, ਇਨ੍ਹਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਜਾਤਾਂ, ਗੋਤਾਂ, ਧਰਮਾਂ, ਕਬੀਲਿਆਂ ਦੇ ਨਾਂ ’ਤੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਲਾਗੂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਧਰਮ ਨੂੰ ਹਥਿਆਰ ਦੇ ਤੌਰ ’ਤੇ ਵਰਤਿਆ ਜਾਂਦਾ ਹੈ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਜਾਨ-ਮਾਲ ਦਾ ਘਾਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੋਟਾਂ ਤੋਂ ਝਾਕ ਛੱਡਕੇ ਆਪਣੇ ਸੰਘਰਸ਼ਾਂ ਨੂੰ ਤਕੜੇ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਤਾਰਾ ਚੰਦ ਬਰੇਟਾ, ਮੱਖਣ ਸਿੰਘ ਭੈਣੀਬਾਘਾ, ਸੱਤਪਾਲ ਸਿੰਘ ਵਰ੍ਹੇ, ਬਲਵਿੰਦਰ ਸ਼ਰਮਾ ਖਿਆਲਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਜਸਪਾਲ ਸਿੰਘ ਕਿਸ਼ਨਗੜ੍ਹ, ਹਰਬੰਸ ਸਿੰਘ ਪਾਂਧੀ ਨੇ ਵੀ ਸੰਬੋਧਨ ਕੀਤਾ।