ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ
ਮੁਕਤਸਰ-ਜਲਾਲਾਬਾਦ ਰੋਡ ’ਤੇ ਬਣਨ ਵਾਲਾ ਰੇਲਵੇ ਪੁਲ 6 ਸਾਲ ਬਾਅਦ ਵੀ ਹਵਾ ‘ਚ ਹੀ ਲਟਕਿਆ ਹੋਇਆ ਹੈ। ਪੁਲ ਦੀ ਅਧੂਰੀ ਉਸਾਰੀ, ਸੜਕੀ ਫਾਟਕ ਦੀ ਬੰਦੀ ਅਤੇ ਹੋਰ ਭੰਨਾ-ਤੋੜੀ ਕਰ ਕੇ ਸੈਂਕੜੇ ਦੁਕਾਨ ਡਾਢੀ ਪ੍ਰੇਸ਼ਾਨੀ ਝੱਲ ਰਹੇ ਹਨ। ਸਾਲ 2014 ਵਿੱਚ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਤੇ ਜਨਵਰੀ 2019 ਵਿੱਚ ਕਾਂਗਰਸ ਸਰਕਾਰ ਦੇ ਰਾਜ ’ਚ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਦਾ ਭੂਮੀ ਭੂਜਨ ਕੀਤਾ ਪਰ ਇਸਦੇ ਬਾਵਜੂਦ ਇਹ ਫੰਡਾਂ ਦੀ ਘਾਟ ਕਰਕੇ ਕਿਸੇ ਸਿਰੇ ਨਹੀਂ ਲੱਗਿਆ। ਜਾਣਕਾਰੀ ਅਨੁਸਾਰ ਪੁਲ ਦੀ ਮਨਜ਼ੂਰੀ 18 ਜਨਵਰੀ 2016 ਨੂੰ ਦਿੱਤੀ ਗਈ ਸੀ ਤੇ ਫਿਰ ਕਾਰਜਕਾਰੀ ਇੰਜਨੀਅਰ ਉਸਾਰੀ ਮੰਡਲ (ਭ ਤੇ ਮ) ਸ਼ਾਖਾ ਨੇ ਰੇਲਵੇ ਵਿਭਾਗ ਨੂੰ 2 ਦਸੰਬਰ 2016 ਨੂੰ 10 ਕਰੋੜ 71 ਲੱਖ 19 ਹਜ਼ਾਰ ਰੁਪਏ ਰੇਲਵੇ ਵਿਭਾਗ ਦੇ ਹਿੱਸੇ ਹੇਠ ਆਉਂਦੇ ਫਲਾਈਓਵਰ ਦੀ ਉਸਾਰੀ ਲਈ ਜਮ੍ਹਾ ਕਰਵਾ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਭੁੱਲਰ ਕੰਪਨੀ ਨੇ 4 ਸਤੰਬਰ ਨੂੰ ਪੰਜਾਬ ਸਰਕਾਰ ਪਾਸੋਂ ਕਰੀਬ 12 ਕਰੋੜ ਰੁਪਏ ਦੀ ਮੰਗ ਕਰਦਿਆਂ ਦੱਸਿਆ ਹੈ ਕਿ ਕੰਪਨੀ ਹੁਣ ਤੱਕ 8 ਕਰੋੜ ਰੁਪਏ ਦਾ ਕੰਮ ਕਰ ਚੁੱਕੀ ਹੈ ਜਦਕਿ ਉਸ ਨੂੰ ਅਦਾਇਗੀ ਮਹਿਜ਼ ਢਾਈ ਕਰੋੜ ਰੁਪਏ ਦੀ ਹੋਈ ਹੈ। ਰੇਲਵੇ ਦੇ ਠੇਕੇਦਾਰ ਨੇ ਦੱਸਿਆ ਕਿ ਉਹ ਰੇਲਵੇ ਹਿੱਸੇ ਦਾ ਕੰਮ 30 ਨਵੰਬਰ ਤੱਕ ਪੂਰਾ ਕਰ ਦੇਵੇਗਾ। ‘ਨੈਸ਼ਨਲ ਕੰਜ਼ਿਉਮਰ ਅਵੈਰਨੈੱਸ ਗਰੁੱਪ’ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਦੱਸਿਆ ਕਿ ਪੁਲ ਦੀ ਉਸਾਰੀ ’ਚ ਦੇਰੀ ਕਾਰਨ ਦੁਕਾਨਦਾਰਾਂ ਦੇ ਕੰਮ ’ਤੇ ਬਹੁਤ ਅਸਰ ਪਿਆ ਹੈ।