ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਪਰੈਲ
ਸੂਬੇ ’ਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਗ਼ਰੀਬ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਾਲ 2009 ਵਿੱਚ ਸ਼ੁਰੂ ਕੀਤੀ ਗਈ ਆਦਰਸ਼ ਸਕੂਲ ਸਕੀਮ ਆਖ਼ਰੀ ਸਾਹ ਲੈ ਰਹੀ ਹੈ। ਪੀਪੀਪੀ ਮੋਡ ਗ੍ਰਾਮ ਵਿਕਾਸ ਐਜੂਕੇਸ਼ਨ ਸੁਸਾਇਟੀ ਜ਼ੀਰਾ ਸੁਸਾਇਟੀ ਅਧੀਨ ਪਿੰਡ ਦੌਲਤਪੁਰਾ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੰਜੂ ਬਾਲਾ ਸਮੇਤ ਅਧਿਆਪਕਾਂ ਵੱਲੋਂ 14 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਕੂਲ ਗੇਟ ਨੂੰ ਤਾਲਾ ਲਾ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਬੇਅੰਤ ਕੌਰ, ਜਸਬੀਰ ਸਿੰਘ ਗਲੋਟੀ, ਮੈਡਮ ਮਾਧੁਰੀ ਤੇ ਇਕਬਾਲ ਕੌਰ ਤੇ ਹੋਰਾਂ ਅਧਿਆਪਕਾਂ ਨੇ ਦੱਸਿਆ ਕਿ ਅਧਿਆਪਕਾਂ ਦੀ ਹੜਤਾਲ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਅਧਿਆਪਕਾਂ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਹ ਸਿੱਖਿਆ ਮੰਤਰੀ ਤੇ ਵਿਧਾਇਕ ਕੋਲ ਵੀ ਦੁਖੜੇ ਫਰੋਲ ਚੁੱਕੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਅਧਿਆਪਕਾਂ ਨੇ ਦੁੱਖ ਭਰੇ ਅੰਦਾਜ਼ ਵਿੱਚ ਕਿਹਾ ਕਿ ਉਹ ਇੰਨੀ ਮਹਿੰਗਾਈ ਵਿੱਚ ਬਿਨਾ ਤਨਖ਼ਾਹ ਤੋਂ ਗੁਜ਼ਾਰਾ ਕਿਵੇਂ ਕਰਨ? ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਵਿੰਦਰ ਪਾਲ ਧਵਨ ਨੇ ਕਿਹਾ ਕਿ ਕਰੀਬ 3 ਸਾਲਾਂ ਤੋਂ ਸਕੂਲ ਸਿੱਖਿਆ ਬੋਰਡ ਉਨ੍ਹਾਂ ਦੀ ਫੰਡ ਦੇ ਰੂਪ ਵਿੱਚ ਜਮ੍ਹਾਂ ਕਰਵਾਈ ਕਰੋੜਾਂ ਰੁਪਏ ਦੀ ਰਾਸ਼ੀ ਵਾਪਸ ਨਹੀਂ ਕਰ ਰਿਹਾ। ਇਸ ਦਿੱਕਤ ਕਾਰਨ ਹੀ ਅਧਿਆਪਕਾਂ ਦੀਆਂ ਤਨਖਾਹਾਂ ਰੁਕੀਆਂ ਹਨ।