ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 8 ਜੁਲਾਈ
ਸਾਲ 2015 ਵਿੱਚ ਹੋਈ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੁਰਾ ਅਤੇ ਬਹਬਿਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਹੋਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਬਹਬਿਲ ਕਲਾਂ ਵਿੱਚ ਧਰਨਾ ਸ਼ੁਰੂ ਕੀਤਾ ਧਰਨਾ ਅੱਜ 205ਵੇਂ ਦਿਨ ਵਿੱਚ ਪਹੁੰਚ ਗਿਆ। ਇਸ ਧਰਨੇ ਵਿੱਚ ਅੱਜ ਸੁਖਪਾਲ ਸਿੰਘ ਖਹਿਰਾ ਨੇ ਹਾਜ਼ਰੀ ਲਗਵਾਈ। ਸੇਵਾਮੁਕਤ ਸੱਤਪਾਲ ਸਿੰਘ ਨੇ ਅੱਜ ਧਰਨੇ ਵਿੱਚ ਪਹੁੰਚ ਕੇ ਕਈ ਖ਼ੁਲਾਸੇ ਕੀਤੇ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਬੇਅਦਬੀ ਮਸਲੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਦੇ ਕਹਿਣ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ, ਇਸ ਲਈ ਦਲ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਜਦੋਂ ਕਾਂਗਰਸ ਸਮੇਂ ਬਣੀ ਸਿਟ ’ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਵਿੱਚ ਕਮੀਆਂ ਰਹੀਆਂ ਹਨ। ਇਸੇ ਕਰ ਕੇ ਕਾਂਗਰਸ ਪਾਰਟੀ ਵਿਰੋਧੀ ਧਿਰ ਵਿੱਚ ਬੈਠੀ ਹੈ।
ਸ੍ਰੀ ਖਹਿਰਾ ਨੇ ਪੰਜਾਬ ਦੀ ਇੱਕ ਕਮੇਟੀ ਲਈ ਦਿੱਲੀ ਦੇ ਆਗੂ ਨੂੰ ਨਿਯੁਕਤ ਕਰਨ ਦੀ ਚਰਚਾ ਬਾਰੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਤਾਂ ਪੰਜਾਬੀਆਂ ਨਾਲ ਧੋਖਾ ਹੋਵੇਗਾ। ਪੰਜਾਬੀਆਂ ਨੇ ਸੋਚ-ਸਮਝ ਕੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸਨ ਪਰ ਜੇ ਦਿੱਲੀ ਦਖ਼ਲਅੰਦਾਜ਼ੀ ਕਰੇਗੀ ਤਾਂ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ।