ਫ਼ਿਰੋਜ਼ਪੁਰ: ਸਥਾਨਕ ਸੀਆਈਏ ਸਟਾਫ਼ ਦੀ ਪੁਲੀਸ ਨੇ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਚੋਰੀ ਕੀਤੇ 28 ਮੋਟਰਸਾਈਕਲ ਤੇ ਦੋ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਦਿਲਪ੍ਰੀਤ ਸਿੰਘ ਉਰਫ਼ ਦਿੱਲੀ ਵਾਸੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਥਾਣਾ ਮਮਦੋਟ ਅਤੇ ਕੁਲਵੰਤ ਉਰਫ਼ ਬਿੱਟੂ ਵਾਸੀ ਰੇਲਵੇ ਬਸਤੀ ਥਾਣਾ ਗੁਰੂਹਰਸਹਾਏ ਵਜੋਂ ਹੋਈ ਹੈ। ਪੁਲੀਸ ਇਨ੍ਹਾਂ ਦੇ ਦੋ ਹੋਰ ਸਾਥੀਆਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਕੁਤਬਗੜ੍ਹ ਥਾਣਾ ਗੁਰੂਹਰਸਹਾਏ ਅਤੇ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਚੱਠਾ ਤਹਿਸੀਲ ਨਕੋਦਰ ਦੀ ਤਲਾਸ਼ ਕਰ ਰਹੀ ਹੈ। ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਇਹ ਚਾਰੋਂ ਵਿਅਕਤੀ ਦੂਜੇ ਸ਼ਹਿਰਾਂ ਵਿਚੋਂ ਦੋ ਪਹੀਆ ਵਾਹਨ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ। ਲੰਘੇ ਕੱਲ੍ਹ ਪੁਲੀਸ ਨੇ ਦਿਲਪ੍ਰੀਤ ਅਤੇ ਕੁਲਵੰਤ ਨੂੰ ਮਮਦੋਟ ਖੇਤਰ ਵਿਚੋਂ ਕਾਬੂ ਕਰ ਲਿਆ ਤੇ ਦੋਵਾਂ ਕੋਲੋਂ ਪਹਿਲਾਂ ਦੋ ਮੋਟਰਸਾਈਕਲ ਬਰਾਮਦ ਹੋਏ। ਬਾਅਦ ਵਿਚ ਪੁੱਛਗਿੱਛ ਦੌਰਾਨ 28 ਵਾਹਨ ਹੋਰ ਬਰਾਮਦ ਕੀਤੇ ਗਏ। -ਨਿੱਜੀ ਪੱਤਰ ਪ੍ਰੇਰਕ