ਪੱਤਰ ਪ੍ਰੇਰਕ
ਏਲਨਾਬਾਦ, 25 ਜੁਲਾਈ
ਇੱਥੋਂ ਲੰਘਣ ਵਾਲੀ ਘੱਗਰ ਨਦੀ ਦੇ ਪਾਣੀ ਦਾ ਪੱਧਰ ਓਟੂ ਹੈੱਡ ਤੇ 23 ਹਜ਼ਾਰ ਕਿਊਸਿਕ ਤੱਕ ਪਹੁੰਚਣ ਤੋਂ ਬਾਅਦ ਨਦੀ ਦੇ ਆਸਪਾਸ ਵਸੇ ਪਿੰਡਾਂ ਤੇ ਕਿਸਾਨਾਂ ਦੀ ਚਿੰਤਾ ਵਧਣ ਲੱਗੀ ਹੈ। ਵਿਭਾਗ ਵਲੋਂ ਕਿਸੇ ਵੀ ਨਾਜ਼ੁਕ ਸਥਿਤੀ ਨਾਲ ਨਿਪਟਣ ਲਈ 24 ਟੀਮਾਂ ਲਗਾਤਾਰ ਘੱਗਰ ਨਦੀ ਤੇ ਗਸ਼ਤ ਕਰ ਰਹੀਆ ਹਨ। ਨਦੀ ਵਿੱਚੋਂ ਨਿਕਲਣ ਵਾਲੇ ਮੋਘਿਆਂ ਤੇ ਵੀ ਮਿੱਟੀ ਦੀਆਂ ਭਰੀਆਂ ਬੋਰੀਆਂ ਵਿਭਾਗ ਵਲੋਂ ਰਖਵਾਈਆਂ ਗਈਆਂ ਹਨ। ਓਟੂ ਹੈੱਡ ਤੋਂ 14 ਹਜ਼ਾਰ ਕਿਊਸਿਕ ਪਾਣੀ ਰਾਜਸਥਾਨ ਵੱਲ ਛੱਡਿਆ ਗਿਆ ਹੈ ਅਤੇ ਇੱਥੋਂ ਨਿਕਲਣ ਵਾਲੀਆਂ ਅੱਠ ਨਹਿਰਾਂ ਵਿੱਚ ਵੀ 2215 ਕਿਊਸਿਕ ਪਾਣੀ ਵਿਭਾਗ ਵੱਲੋਂ ਛੱਡਿਆ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮੰਗਲਵਾਰ ਤੱਕ ਘੱਗਰ ਨਦੀ ਦੇ ਪਾਣੀ ਦਾ ਪੱਧਰ ਘੱਟਣ ਦੀ ਸੰਭਾਵਨਾ ਹੈ। ਸਿੰਚਾਈ ਵਿਭਾਗ ਦੇ ਐੱਸਈ ਆਤਮਾ ਰਾਮ ਭਾਬੂ ਅਤੇ ਘੱਗਰ ਬਰਾਂਚ ਦੇ ਐਕਸੀਅਨ ਅਜੀਤ ਹੁੱਡਾ ਨੇ ਹੋਰ ਅਧਿਕਾਰੀਆਂ ਨਾਲ ਘੱਗਰ ਦੀ ਸਥਿਤੀ ਦਾ ਅੱਜ ਜ਼ਾਇਜਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਪਾਣੀ ਵਿੱਚ ਵਹਿਕੇ ਆਈ ਜਲਕੁੰਭੀ ਨੂੰ ਪਾਣੀ ਵਿੱਚੋਂ ਕੱਢਣ ਲਈ 25 ਜੇਸੀਬੀ ਮਸ਼ੀਨਾਂ ਨੂੰ ਕੰਮ ’ਤੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੂਹਲਾ ਚੀਕਾ ਵਿੱਚ ਹੁਣ ਪਾਣੀ ਦਾ ਪੱਧਰ ਘਟਿਆ ਹੈ। ਸਿੰਚਾਈ ਵਿਭਾਗ ਵੱਲੋਂ ਘੱਗਰ ਦੇ ਕਿਨਾਰਿਆਂ ਤੇ ਪੂਰੀ ਨਿਗ੍ਹਾਂ ਰੱਖੀ ਜਾ ਰਹੀ ਹੈ। ਸਥਿਤੀ ਕੋਈ ਵੀ ਖਤਰੇ ਵਾਲੀ ਨਹੀ ਹੈ।