ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਨਵੰਬਰ
ਸੂਬੇ ਦੀਆਂ ਜੇਲ੍ਹਾਂ ਵਿੱਚੋਂ ਲਗਾਤਾਰ ਨਸ਼ਾ ਤਸਕਰੀ ਦਾ ਧੰਦਾ ਜਾਰੀ ਹੈ। ਪੰਜਾਬ ਅੰਦਰ ਆਏ ਦਿਨ ਜੇਲ੍ਹਾਂ ਵਿੱਚੋਂ ਮੋਬਾਈਲ ਬਰਾਮਦ ਹੋਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਾਮੀਂ ਤਸਕਰ ਜੇਲ੍ਹ ’ਚੋਂ ਵਟਸਐਪ ਤੇ ਹੋਰ ਆਧੁਨਿਕ ਤਕਨਾਲੋਜੀ ਨਾਲ ਧੰਦਾ ਚਲਾ ਰਿਹਾ ਸੀ।
ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਧਰਮਕੋਟ ਦੇ ਬੱਡੂਵਾਲ ਰੋਡ ’ਤੇ ਨਸ਼ਾ ਤਸਕਰਾਂ ਵੱਲੋਂ ਗੁਦਾਮ ’ਚ ਭੁੱਕੀ ਡੰਪ ਕੀਤੀ ਗਈ ਹੈ ਜਿੱਥੇ ਛਾਪਾ ਮਾਰ ਕੇ 90 ਬੋਰੀਆਂ ਭੁੱਕੀ (ਵਜ਼ਨ 18 ਕੁਇੰਟਲ) ਅਤੇ ਇੱਕ ਕਾਰ ਤੇ ਟਰੱਕ ਵੀ ਜ਼ਬਤ ਕੀਤਾ ਗਿਆ। ਇਸ ਮੌਕੇ ਰੁਪਿੰਦਰ ਕੌਰ ਭੱਟੀ ਐੱਸਪੀ (ਆਈ), ਜਸਤਿੰਦਰ ਸਿੰਘ ਡੀਐੱਸਪੀ (ਡੀ) ਅਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਵਾਸੀ ਅਤੇ ਫ਼ਰੀਦਕੋਟ ਜੇਲ੍ਹ ’ਚ ਬੰਦ ਨਾਮੀਂ ਤਸਕਰ ਪਿੱਪਲ ਸਿੰਘ ਤੋਂ ਇਲਾਵਾ ਉਸ ਦੇ ਪੁੱਤਰ ਦੱਸੇ ਜਾਂਦੇ ਇੰਦਰਜੀਤ ਸਿੰਘ ਲਾਭਾ, ਬੂਟਾ ਸਿੰਘ, ਮਿੰਨਾ ਸਿੰਘ, ਰਸਾਲ ਸਿੰਘ ਉਰਫ਼ ਨਾਨੂੰ, ਕਰਮਜੀਤ ਸਿੰਘ ਕਰਮਾ, ਗੁਰਜਿੰਦਰ ਸਿੰਘ ਉਰਫ਼ ਮੋਟਾ, ਜਗਰਾਜ ਸਿੰਘ ਉਰਫ਼ ਜੋਗਾ, ਲਖਵਿੰਦਰ ਸਿੰਘ ਉਰਫ਼ ਕਾਕੂ, ਪਰਮਜੀਤ ਸਿੰਘ ਪੰਮਾਂ ਸਾਰੇ ਵਾਸੀ ਪਿੰਡ ਦੌਲੇਵਾਲਾ ਅਤੇ ਮੰਗਲ ਸਿੰਘ ਪਿੰਡ ਮੰਦਰ ਨੂੰ ਥਾਣਾ ਧਰਮਕੋਟ ਵਿੱਚ ਦਰਜ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿੱਪਲ ਸਿੰਘ ਜੇਲ੍ਹ ਵਿੱਚ ਬੰਦ ਹੈ। ਉਹ ਜੇਲ੍ਹ ’ਚੋਂ ਨੈੱਟਵਰਕ ਰਾਹੀਂ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਸੀ। ਉਨ੍ਹਾਂ ਮੰਨਿਆ ਕਿ ਜੇਲ੍ਹਾਂ ’ਚ ਬੰਦ ਗੈਂਗਸਟਰ ਅਤੇ ਨਸ਼ਾ ਤਸਕਰ ਵੱਟਸਐੱਪ ਤੋਂ ਇਲਾਵਾ ਹੋਰ ਨਵੀਨਤਮ ਤਕਨਾਲੋਜੀ ਨਾਲ ਨੈੱਟਵਰਕ ਚਲਾ ਰਹੇ ਹਨ। ਵੱਟਸਐੱਪ ਕਾਲ ਨਾਲ ਫੋਨ ਨੰਬਰ ਦੀ ਲੋਕੇਸ਼ਨ ਆਦਿ ਲੱਭਣੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਸਮੱਗਲਿੰਗ ਵਿੱਚ ਸ਼ਾਮਲ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕ ਦੇ ਵਿਅਕਤੀਆਂ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਕੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇਗਾ।