ਰਵਿੰਦਰ ਰਵੀ
ਬਰਨਾਲਾ , 17 ਅਗਸਤ
ਪਿੰਡ ਕਾਲੇਕੇ ਦੇ ਵਿਦਿਆਰਥੀ ਰਿਚੀ ਬਾਂਸਲ ਨੂੰ ਅਮਰੀਕਾ ਦੀ ਮਿਨੀਸੋਟਾ ਯੂਨੀਵਰਸਿਟੀ ਨੇ ਪੀਐੱਚਡੀ ਦੀ ਪੜ੍ਹਾਈ ਲਈ 17 ਲੱਖ ਵਜੀਫ਼ਾ ਦਿੱਤਾ ਗਿਆ ਹੈ। ਪਿੰਡ ਕਾਲੇਕੇ ’ਚ ਆਟਾ ਚੱਕੀ ਚਲਾਉਂਦੇ ਨਰੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ੁਰੂ ਤੋਂ ਹੀ ਪੜ੍ਹਾਈ ’ਚ ਕਾਫ਼ੀ ਮਿਹਨਤੀ ਸੀ। ਉਨ੍ਹਾਂ ਦੱਸਿਆ ਕਿ ਦਸਵੀਂ ਕਲਾਸ ਤੱਕ ਪੜ੍ਹਾਈ ਉਸ ਨੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੋਂ ਕੀਤੀ, ਬੀ ਟੈੱਕ ਦੀ ਪੜ੍ਹਾਈ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਪੈਟਰੋਲੀਅਮ ਰਾਏਬਰੇਲੀ ਤੇ ਐੱਮ ਟੈੱਕ ਆਈਆਈਟੀ (ਕਾਨਪੁਰ) ਤੋਂ ਕੀਤੀ ਤੇ ਹੁਣ ਪੀਐੱਚਡੀ ਕਰਨ ਲਈ ਅਮਰੀਕਾ ਜਾ ਰਿਹਾ ਹੈ। ਰਿਚੀ ਦੀ ਮਾਣਮੱਤੀ ਪ੍ਰਾਪਤੀ ਤੇ ਪਿੰਡ ਦੀ ਸਮੂਹ ਪੰਚਾਇਤ ਤੇ ਸ. ਸ. ਸ. ਸਕੂਲ ਦੇ ਪ੍ਰਿੰਸੀਪਲ ਭੀਮ ਸੈਨ ਸ਼ਰਮਾ ਤੇ ਸਮੂਹ ਸਟਾਫ ਵੱਲੋਂ ਰਿਚੀ ਬਾਂਸਲ ਦਾ ਸਨਮਾਨ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਰਿਚੀ ਬਾਂਸਲ ਨੇ 17 ਲੱਖ ਦਾ ਵਜ਼ੀਫ਼ਾ ਪ੍ਰਾਪਤ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।