ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 29 ਅਕਤੂਬਰ
ਮੰਗਣੀ ਹੋਣ ਤੋਂ ਬਾਅਦ ਲੜਕੇ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਪ੍ਰੇਸ਼ਾਨ ਲੜਕੀ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਛੇ ਦਿਨ ਮਗਰੋਂ ਕੁੜੀ ਦੀ ਲਾਸ਼ ਗੰਗਾਨਗਰ ਕੋਲੋਂ ਬਰਾਮਦ ਕਰ ਲਈ ਗਈ ਹੈ। ਥਾਣਾ ਕੁਲਗੜੀ ਵਿਚ ਲੜਕੀ ਦੇ ਪਿਤਾ ਜਸਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਅਜੇ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ। ਜਸਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਦੀ ਮੰਗਣੀ ਜੁਲਾਈ ਮਹੀਨੇ ਵਿਚ ਗਿੱਲ ਪਿੰਡ ਵਾਸੀ ਸੁਖਵਿੰਦਰ ਸਿੰਘ ਨਾਲ ਹੋਈ ਸੀ। ਕੁਝ ਸਮੇਂ ਮਗਰੋਂ ਸੁਖਵਿੰਦਰ ਸਿੰਘ ਨੇ ਲੜਕੀ ਨੂੰ ਕਿਹਾ ਕਿ ਉਸ ਦੇ ਕਿਸੇ ਹੋਰ ਲੜਕੇ ਨਾਲ ਸਬੰਧ ਹਨ। ਲੰਘੀ 21 ਅਕਤੂਬਰ ਨੂੰ ਲੜਕੀ ਦੇ ਮਾਪੇ ਮੁੰਡੇ ਵਾਲਿਆਂ ਨਾਲ ਵਿਆਹ ਦੀ ਗੱਲ ਕਰਨ ਗਏ ਤਾਂ ਉਨ੍ਹਾਂ ਨੇ ਲੜਕੀ ’ਤੇ ਦੋਸ਼ ਲਾਉਂਦਿਆਂ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸੇ ਰਾਤ ਲੜਕੀ ਨੇ ਗੰਗ ਕੈਨਾਲ ਵਿੱਚ ਛਾਲ ਮਾਰ ਦਿੱਤੀ।