ਐਨ.ਪੀ.ਧਵਨ
ਪਠਾਨਕੋਟ, 19 ਮਾਰਚ
ਨਜ਼ਦੀਕ ਪੈਂਦੇ ਬੁੰਗਲ ਦੇ ਪ੍ਰਾਈਵੇਟ ਵਾਈਟ ਮੈਡੀਕਲ ਹਸਪਤਾਲ ਦੇ ਆਕਸੀਜਨ ਸਪਲਾਈ ਵਾਲੇ ਕਮਰੇ ਵਿੱਚ ਅਚਾਨਕ ਇੱਕ ਆਕਸੀਜਨ ਦਾ ਸਿਲੰਡਰ ਫਟ ਜਾਣ ਨਾਲ ਕਮਰੇ ਵਿੱਚ ਤਾਇਨਾਤ ਮੁਲਾਜ਼ਮ ਦੀ ਮੌਤ ਹੋ ਗਈ। ਦੇਰ ਰਾਤ 10 ਵਜੇ ਦੇ ਕਰੀਬ ਹੋਏ ਜ਼ੋਰਦਾਰ ਧਮਾਕੇ ਨਾਲ ਪਿੰਡ ਦੇ ਲੋਕ ਅਚਾਨਕ ਦਹਿਸ਼ਤ ਵਿੱਚ ਆ ਗਏ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਹਿਚਾਣ ਨਿਤਿਨ ਠਾਕੁਰ (22) ਪੁੱਤਰ ਮਰਹੂਮ ਸੁਰਿੰਦਰ ਸਿੰਘ ਵਾਸੀ ਬਧਾਨੀ ਵਜੋਂ ਹੋਈ ਹੈ। ਥਾਣਾ ਮਾਮੂਨ ਪੁਲੀਸ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਹਸਪਤਾਲ ਦੇ ਸੀਈਓ ਪਵਨ ਖਜੂਰੀਆ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਅਚਾਨਕ ਆਕਸੀਜਨ ਸਿਲੰਡਰਾਂ ਵਾਲੇ ਕਮਰੇ ਵਿੱਚ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਸਪਤਾਲ ਪ੍ਰਬੰਧਨ ਜਾਂਚ ਵਿੱਚ ਲੱਗਾ ਹੋਇਆ ਹੈ। ਮਾਮੂਨ ਦੀ ਥਾਣਾ ਮੁਖੀ ਬਲਜੀਤ ਕੌਰ ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।