ਗੁਰਬਖਸ਼ਪੁਰੀ
ਤਰਨ ਤਾਰਨ, 24 ਅਪਰੈਲ
ਇਮਾਰਤ ਉਸਾਰੀ ਨਾਲ ਸਬੰਧਿਤ ਸਮੱਗਰੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕਾਂ ਵੱਲੋਂ ਉਸਾਰੀ ਦੇ ਕੰਮ ਇੱਕ ਤਰ੍ਹਾਂ ਨਾਲ ਠੱਪ ਕਰ ਦੇਣ ਕਰ ਕੇ ਉਸਾਰੀ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਦਿਹਾੜੀਆਂ ਦੇ ਲਾਲੇ ਪੈ ਰਹੇ ਹਨ| ਇਕੱਤਰ ਜਾਣਕਾਰੀ ਅਨੁਸਾਰ ਹੋਰ ਸਮੱਗਰੀ ਦੀ ਮਹਿੰਗਾਈ ਤੋਂ ਇਲਾਵਾ ਰੇਤ ਦੀਆਂ ਕੀਮਤਾਂ ਤਾਂ ਕਰੀਬ ਦੋ-ਗੁਣਾ ਹੋ ਗਈਆਂ ਹਨ। ਸ਼ਹਿਰ ਦੀ ਮੁਰਾਦਪੁਰ ਰੋਡ ’ਤੇ ਪੁਰਾਣੇ ਥਾਣਾ ਸਿਟੀ ਨੇੜੇ ਦਿਹਾੜੀ ਕਰਨ ਲਈ ਇਲਾਕੇ ਦੇ ਪਿੰਡਾਂ ਤੋਂ ਆਉਂਦੇ ਮਜ਼ਦੂਰਾਂ ਨੇ ਕਿਹਾ ਕਿ ਸਮੱਗਰੀ ਦੀਆਂ ਵਧੀਆਂ ਕੀਮਤਾਂ ਕਾਰਨ ਉਸਾਰੀ ਦਾ ਕੰਮ ਠੱਪ ਹੋ ਗਿਆ ਹੈ| ਚੁਤਾਲਾ ਦੇ ਮਜ਼ਦੂਰ ਸਤਨਾਮ ਸਿੰਘ, ਵਰਿੰਦਰ ਸਿੰਘ, ਕੱਕਾ ਕੰਡਿਆਲਾ ਦੇ ਸਰਬਜੀਤ ਸਿੰਘ ਆਦਿ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਰੋਜ਼ਾਨਾ ਦਿਹਾੜੀ ਨਹੀਂ ਮਿਲ ਰਹੀ ਹੈ| ਇਕ ਮਹੀਨੇ ਵਿੱਚ ਕੇਵਲ 15 ਦਿਹਾੜੀਆਂ ਹੀ ਮਿਲੀਆਂ ਹਨ|
ਇੱਥੋਂ ਦੇ ਹੁੰਦਲ ਟ੍ਰੇਡਿੰਗ ਦੇ ਮਾਲਕ ਗੁਰਸ਼ਰਨਜੀਤ ਸਿੰਘ ਹੁੰਦਲ ਨੇ ਕਿਹਾ ਕਿ ਰੇਤ ਦੇ ਭਾਅ ਵਿਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੀਮੈਂਟ ਦੀ ਕੀਮਤ ਵਿੱਚ ਵੀ 50 ਰੁਪਏ ਪ੍ਰਤੀ ਬੋਰੀ ਦਾ ਵਾਧਾ ਹੋਇਆ ਹੈ| ਇਸੇ ਸਮੇਂ ਦੌਰਾਨ ਬਜਰੀ ਅਤੇ ਸਰੀਏ ਦੀ ਕੀਮਤ ਵਿੱਚ ਵੀ ਵੱਡਾ ਵਾਧਾ ਹੋਇਆ ਹੈ।
ਉਸਾਰੀ ਦੇ ਕੰਮ ਵਿੱਚ ਠੇਕੇਦਾਰ ਦੇ ਤੌਰ ’ਤੇ ਕੰਮ ਕਰਦੇ ਦਰਸ਼ਨ ਸਿੰਘ ਨੇ ਕਿਹਾ ਕਿ ਇਨ੍ਹਾਂ ਕੀਮਤਾਂ ਵਿੱਚ ਵਾਧਾ ਹੋਣ ਕਰ ਕੇ ਉਸਾਰੀ ਦੇ ਕੰਮ ਨੂੰ ਲੋਕਾਂ ਨੇ ਬੰਦ ਕਰ ਦਿੱਤਾ ਹੈ।
ਮਜ਼ਦੂਰ ਸਤਨਾਮ ਸਿੰਘ, ਵਰਿੰਦਰ ਸਿੰਘ ਸਰਬਜੀਤ ਸਿੰਘ ਨੇ ਪਿੰਡਾਂ ਅੰਦਰ ਬੰਦ ਚਲ ਰਹੇ ਮਗਨਰੇਗਾ ਦੇ ਕੰਮ ਸ਼ੁਰੂ ਕਰਨ ਦੀ ਮੰਗ ਕਰਦਿਆਂ ਸੂਬਾ ਸਰਕਾਰ ਵਲੋਂ ਮਜ਼ਦੂਰਾਂ ਨੂੰ ਵਿੱਤੀ ਰਾਹਤ ਦੇਣ ਦੀ ਮੰਗ ਕੀਤੀ ਹੈ|