ਐੱਨਪੀ ਧਵਨ
ਪਠਾਨਕੋਟ, 11 ਮਈ
ਬੀਤੀ ਦੇਰ ਰਾਤ ਬੋਲੇਰੋ ਜੀਪ ਨੇ ਪੁਲੀਸ ਮੁਲਾਜ਼ਮਾਂ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪਾ ਦਿੱਤੀ ਜਦ ਉਸ ਵਿੱਚ ਸਵਾਰ ਤਿੰਨ ਨੌਜਵਾਨਾਂ ਨੇ ਜੀਪ ਨੂੰ ਪੁਲੀਸ ਨਾਕੇ ਉਪਰ ਨਾ ਰੋਕਿਆ ਅਤੇ ਭਜਾ ਕੇ ਲੈ ਗਏ। ਪੁਲੀਸ ਮੁਲਾਜ਼ਮਾਂ ਨੇ ਜੀਪ ਦਾ ਪਿੱਛਾ ਕੀਤਾ ਪਰ ਜੀਪ ਵਿੱਚ ਸਵਾਰ ਨੌਜਵਾਨਾਂ ਨੇ ਵਾਹਨ ਭਜਾਉਂਦੇ ਸਮੇਂ ਕਈ ਵਾਹਨਾਂ ਨੂੰ ਰਗੜ ਦਿੱਤਾ। ਪੁਲੀਸ ਨੇ ਵਾਇਰਲੈਸ ਉਪਰ ਤੁਰੰਤ ਸਾਰੇ ਨਾਕਿਆਂ ’ਤੇ ਇਸ ਸਬੰਧੀ ਸੂਚਿਤ ਕੀਤਾ ਕਿ ਬੇਲੇਰੋ ਨੂੰ ਕਿਸੇ ਵੀ ਹਾਲਤ ਵਿੱਚ ਅੱਗੇ ਨਾ ਜਾਣ ਦਿੱਤਾ ਜਾਵੇ। ਅਖੀਰ ਪੀਸੀਆਰ ਦਸਤਿਆਂ ਦੀ ਮੱਦਦ ਨਾਲ ਬੋਲੈਰੋ ਨੂੰ ਏਬੀ ਕਾਲਜ ਕੋਲ ਲਗਾਏ ਇੱਕ ਨਾਕੇ ਉਪਰ ਰੋਕ ਲਿਆ ਗਿਆ ਤੇ ਉਸ ਵਿੱਚ ਸਵਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਨੌਜਵਾਨਾਂ ਦੀ ਪਛਾਣ ਗੀਤਾਂਸ਼ੂ ਵਾਸੀ ਮੁਹੱਲਾ ਆਸ਼ਾ ਪੁਰਨੀ ਮੰਦਰ ਪਠਾਨਕੋਟ (ਡਰਾਈਵਰ), ਨੀਰਜ ਵਾਸੀ ਮੁਹੱਲਾ ਈਸਾਨਗਰ ਪਠਾਨਕੋਟ ਅਤੇ ਅੰਕੁਸ਼ ਕੁਮਾਰ ਮੁਹੱਲਾ ਚਾਰਜੀਆਂ ਪਠਾਨਕੋਟ ਵਜੋਂ ਹੋਈ ਹੈ। ਤਿੰਨਾਂ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਥਾਣਾ ਡਿਵੀਜ਼ਨ ਨੰਬਰ 2 ਦੇ ਏਐੱਸਆਈ ਵਿਮਲ ਕੁਮਾਰ ਨੇ ਦੱਸਿਆ ਕਿ ਤਿੰਨਾਂ ਖਿਲਾਫ ਆਈਪੀਸੀ ਦੀ ਧਾਰਾ 279, 427 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਬੋਲੈਰੋ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।