ਦਲਬੀਰ ਸੱਖੋਵਾਲੀਆ
ਬਟਾਲਾ, 27 ਅਗਸਤ
ਪਹਿਲੀ ਪਾਤਸ਼ਾਹੀ ਦਾ ਵਿਆਹ ਪੁਰਬ ਦਿਹਾੜਾ ਦੋ ਤੇ ਤਿੰਨ ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਬਟਾਲਾ ਦੀਆਂ ਸੜਕਾਂ ਦੀ ਹਾਲਤ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਖਸਤਾ ਹੈ। ਇੱਥੋ ਦੇ ਵੱਖ-ਵੱਖ ਮਾਰਗਾਂ ਦੀਆਂ ਟੁੱਟੀਆਂ ਸੜਕਾਂ ’ਤੇ ਸਬੰਧਤ ਵਿਭਾਗ ਪੈਚ ਵਰਕ ਕਰਨ ’ਤੇ ਲੱਗਾ ਹੈ। ਬਟਾਲਾ ਦੇ ਬਾਸ਼ਿੰਦਿਆਂ ਨੂੰ ਇਸ ਵਾਰ ਬਾਬੇ ਦੇ ਵਿਆਹ ਪੁਰਬ ਦਿਹਾੜੇ ਮੌਕੇ ਮੁੱਖ ਸੜਕਾਂ ਬਣਨ ਦੀ ਆਸ ਸੀ ਪਰ ਪੰਜਾਬ ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ ਕਾਰਨ ਸੜਕਾਂ ਅਤੇ ਗਲੀਆਂ ਬਣਾਉਣ ਲਈ ਬੱਜਰੀ, ਰੇਤ, ਪੱਥਰ ਅਤੇ ਲੁੱਕ ਨਾ ਮਿਲਣ ਦੀ ਜਾਣਕਾਰੀ ਮਿਲੀ ਹੈ। ਉਧਰ ਡੀਸੀ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਿਹਾੜੇ ਮੌਕੇ ਸੜਕਾਂ ਦੀ ਮੁਰੰਮਤ ਮਟੀਰੀਅਲ ਮੰਗਵਾਉਣ ਲਈ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਤੋਂ ਸਪੈਸ਼ਲ ਪ੍ਰਵਾਨਗੀ ਲੈ ਲਈ ਹੈ।
ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਮਾਂਟੂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹਿਲੀ ਪਾਤਸ਼ਾਹੀ ਦੀ ਬਰਾਤ ਰੂਪੀ ਨਗਰ ਕੀਰਤਨ ਦੋ ਸਤੰਬਰ ਤੋਂ ਸਵੇਰੇ ਬਟਾਲਾ ਲਈ ਰਵਾਨਾ ਹੋਵੇਗਾ ਪਰ ਸਥਾਨਕ ਜਲੰਧਰ-ਅੰਮ੍ਰਿਤਸਰ ਤੋਂ ਲੈ ਕੇ ਸ਼ਹਿਰ ਤੱਕ ਸੜਕ ਦੀ ਹਾਲਤ ਤਰਸਯੋਗ ਹੈ। ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੇ ਲੰਘੇ ਚਾਰ ਮਹੀਨਿਆਂ ਤੋਂ ਕਈ ਵਾਰ ਡੀਸੀ ਨੂੰ ਸੜਕਾਂ ਦੀ ਮੁਰੰਮਤ ਕਰਨ ਸਬੰਧੀ ਅਰਜ਼ੋਈਆਂ ਕੀਤੀਆਂ ਹਨ। ਨਗਰ ਨਿਗਮ ਬਟਾਲਾ, ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀਕਰਨ ਵੱਲੋਂ ਆਪੋਂ ਆਪਣੇ ਖੇਤਰ ਦੀਆਂ ਸੜਕਾਂ ਅਤੇ ਗਲੀਆਂ ’ਚ ਪੈਚਅੱਪ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਕਮ ਐੱਸਡੀਐੱਮ ਨਾਲ ਵਾਰ-ਵਾਰ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।