ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੀ ਜ਼ੋਨ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਪਿੰਡਾਂ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਦੋ ਅਪਾਹਜ ਬੱਚਿਆਂ ਨੂੰ ਵੀਲ੍ਹਚੇਅਰ ਦਿੱਤੀਆਂ ਗਈਆਂ ਹਨ। ਇਸ ਮੀਟਿੰਗ ਵਿੱਚ ਪ੍ਰਾਜੈਕਟ ਦੇ ਚੇਅਰਮੈਨ ਐਮਜੇਐੱਫ ਐੱਸ ਡੀ ਭੱਲਾ, ਜ਼ਿਲ੍ਹਾ ਗਵਰਨਰ ਲਾਇਨ ਦੇਵੇਂਦਰ ਪਾਲ ਅਰੋੜਾ, ਐੱਸ ਪੀ ਸੌਂਧੀ, ਰਛਪਾਲ ਸਿੰਘ, ਰਿਤੇਸ਼ ਮਹਾਜਨ, ਵਿਨੋਦ ਮਹਾਜਨ, ਲਾਇਨਜ਼ ਕਲੱਬ ਪਠਾਨਕੋਟ ਗਰੇਟਰ ਦੇ ਪ੍ਰਧਾਨ ਡਾ. ਮਨੂ ਸ਼ਰਮਾ ਹਾਜ਼ਰ ਸਨ। ਸ੍ਰੀ ਭੱਲਾ ਨੇ ਕਿਹਾ ਕਿ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਜ਼ਰੂਰਤਮੰਦ ਵਿਦਿਆਰਥੀਆਂ ਦੀ ਮੱਦਦ ਕਰਨਾ ਹੈ ਅਤੇ ਅੱਜ ਜਿਹੜੇ ਅਪਾਹਜ ਬੱਚਿਆਂ ਨੂੰ ਵੀਲ੍ਹਚੇਅਰਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ਵਿੱਚੋਂ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਮਿਰਜ਼ਾਪੁਰ ਦਾ ਵਿਦਿਆਰਥੀ ਹੈ ਜਦਕਿ ਦੂਜੀ ਫਰਵਾਲ ਐਲੀਮੈਂਟਰੀ ਸਕੂਲ ਦੀ ਵਿਦਿਆਰਥਣ ਹੈ। ਕਲੱਬ ਨੇ 27 ਹਜ਼ਾਰ ਰੁਪਏ ਦੀ ਲਾਗਤ ਨਾਲ ਦੋਵੇਂ ਵੀਲ੍ਹਚੇਅਰਾਂ ਖਰੀਦੀਆਂ ਜੋ ਅੱਜ ਇਨ੍ਹਾਂ ਬੱਚਿਆਂ ਨੂੰ ਭੇਟ ਕਰ ਕੇ ਕਲੱਬ ਖੁਸ਼ੀ ਮਹਿਸੂਸ ਕਰ ਰਿਹਾ ਹੈ।