ਪੱਤਰ ਪ੍ਰੇਰਕ
ਤਰਨ ਤਾਰਨ, 19 ਅਕਤੂਬਰ
ਪੁਲੀਸ ਨੇ ਇਲਾਕੇ ਦੇ ਪਿੰਡ ਰਸੂਲਪੁਰ ਦੇ ਵਾਸੀ ਨੌਜਵਾਨ ਕਾਰੋਬਾਰੀ ਗੁਰਜੰਟ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਲੋਂ ਗੁਰਜੰਟ ਸਿੰਘ ਦੀ ਰੇਕੀ ਕੀਤੀ ਗਈ ਸੀ ਜਦਕਿ ਗੁਰਜੰਟ ਸਿੰਘ ’ਤੇ ਗੋਲੀਆਂ ਚਲਾਉਣ ਵਾਲੇ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ| ਗੁਰਜੰਟ ਸਿੰਘ ਦੀ 11 ਅਕਤੂਬਰ ਨੂੰ ਦੋ ਹਮਲਾਵਰਾਂ ਨੇ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ| ਗੁਰਜੰਟ ਸਿੰਘ ਦੀ ਹੱਤਿਆ ਦੀ ਕੈਨੇਡਾ ਤੋਂ ਆਪਣਾ ਮਾਡੀਊਲ ਚਲਾ ਰਹੇ ਲਖਬੀਰ ਸਿੰਘ ਲੰਡਾ ਨੇ ਜ਼ਿੰਮੇਵਾਰੀ ਲਈ ਸੀ| ਐਸ ਐਸ ਪੀ ਰਣਜੀਤ ਸਿੰਘ ਢਿੱਲੋਂ ਨੇ ਅੱਜ ਇਥੇ ਦੱਸਿਆ ਕਿ ਗੁਰਜੰਟ ਸਿੰਘ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਵੀਸ਼ੇਰ ਸਿੰਘ ਰਵੀ ਵਾਸੀ ਸ਼ੇਰੋਂ ਅਤੇ ਵਰਿੰਦਰ ਸਿੰਘ ਉਰਫ ਭਿੰਡੀ ਕਲਾ ਸ਼ਾਮਲ ਹੈ| ਮੁਲਜ਼ਮਾਂ ਕੋਲੋਂ 30 ਬੋਰ ਦਾ ਪਿਸਤੌਲ ,ਚਾਰ ਕਾਰਤੂਸ ਤੇ ਦੋ ਕਾਰਾਂ ਬਰਾਮਦ ਹੋਈਆਂ ਹਨ। ਗੁਰਜੰਟ ਸਿੰਘ ਦਾ ਭੋਗ ਤੇ ਅੰਤਿਮ ਅਰਦਾਸ ਭਲਕੇ ਉਸ ਦੇ ਪਿੰਡ ਰਸੂਲਪੁਰ ਵਿੱਚ ਕੀਤੀ ਜਾ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਾਮਲ ਹੋਣ ਦੀ ਹਾਮੀ ਭਰੀ ਹੈ| ਇਸ ਤੋਂ ਇਲਾਵਾ ਥਾਣਾ ਸਿਟੀ ਤਰਨ ਤਾਰਨ ਨੇ ਕਰੀਬ ਦੋ ਮਹੀਨੇ ਪਹਿਲਾਂ ਇਲਾਕੇ ਦੇ ਪਿੰਡ ਰਟੌਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਦੋ ਧੜਿਆਂ ਵਿੱਚ ਚੱਲੀ ਗੋਲੀ ਦੇ ਸਬੰਧ ਵਿੱਚ ਦੋ ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਕੱਕਾ ਕੰਡਿਆਲਾ ਅਤੇ ਗੁਰਪ੍ਰੀਤ ਸਿੰਘ ਗੋਪੀ ਵਾਸੀ ਨੌਸ਼ਹਿਰਾ ਪਨੂੰਆਂ ਦੱਸੀ ਗਈ ਹੈ।