ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 16 ਜੂਨ
ਗਲਵਾਨ ਘਾਟੀ ਵਿੱਚ ਚੀਨ ਦੇ ਸੈਨਿਕਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਪਹਿਲੀ ਬਰਸੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭੋਜਰਾਜ ਵਿੱਚ ਮਨਾਈ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੈਵੀਰ ਸਿੰਘ ਰੰਧਾਵਾ ਤੇ ਐੱਸ.ਡੀ.ਐੱਮ. ਸ਼ਿਵਰਾਜ ਸਿੰਘ ਬੱਲ ਨੇ ਕਿਹਾ ਕਿ ਦੇਸ਼ ਅਤੇ ਕੌਮ ਦੀ ਖਾਤਰ ਸ਼ਹਾਦਤ ਦਾ ਜਾਮ ਪੀਣ ਵਾਲੇ ਹਮੇਸ਼ਾ ਅਮਰ ਰਹਿੰਦੇ ਹਨ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਐੱਸ.ਪੀ.ਸਿੰਘ ਗੋਸਲ, ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਸ਼ਹੀਦ ਲੈਫਟੀਨੈੱਟ ਨਵਦੀਪ ਸਿੰਘ (ਅਸ਼ੋਕ ਚੱਕਰਾ ਮੈਡਲ) ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਆਦਿ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਦੇ ਭਰਾ ਸੂਬੇਦਾਰ ਸੁਖਚੈਨ ਸਿੰਘ ਨੇ ਕਿਹਾ ਕਿ ਸਾਨੂੰ ਸਮੁੱਚੇ ਪਰਿਵਾਰ ਨੂੰ ਸਤਨਾਮ ਸਿੰਘ ਦੀ ਸ਼ਹਾਦਤ ’ਤੇ ਮਾਣ ਹੈ। ਇਸ ਮੌਕੇ ਊਦੇਵੀਰ ਸਿੰਘ ਰੰਧਾਵਾ, ਸ਼ਿਵਰਾਜ ਸਿੰਘ ਬੱਲ, ਕੁੰਵਰ ਰਵਿੰਦਰ ਸਿੰਘ ਵਿੱਕੀ ਵਲੋਂ ਸ਼ਹੀਦ ਦੇ ਪਿਤਾ ਜਗੀਰ ਸਿੰਘ, ਮਾਤਾ ਕਸ਼ਮੀਰ ਕੌਰ, ਪਤਨੀ ਜਸਵਿੰਦਰ ਕੌਰ, ਬੇਟੀ ਸੰਦੀਪ ਕੌਰ, ਬੇਟੇ ਪ੍ਰਭਜੋਤ ਸਿੰਘ, ਭਰਾ ਸੂਬੇਦਾਰ ਸੁਖਚੈਨ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਦੀ ਯੂਨਿਟ (ਭਾਰਤੀ ਫੌਜ ਦੀ 3 ਮੀਡੀਅਮ ਰੈਜੀਮੈਂਟ) ਦੇ ਸੂਬੇਦਾਰ ਹਰਜੀਤ ਸਿੰਘ, ਹੌਲਦਾਰ ਬਲਕਾਰ ਸਿੰਘ ਆਦਿ ਸਾਥੀਆਂ ਨੇ ਸਤਨਾਮ ਸਿੰਘ ਦੀ ਯਾਦ ’ਚ ਯੂਨਿਟ ਵਲੋਂ ਪਿੰਡ ਭੋਜਰਾਜ ਦੇ 11 ਗਰੀਬ ਪਰਿਵਾਰਾਂ ਨੂੰ ਛੱਤ ਵਾਲੇ ਪੱਖੇ ਭੇਟ ਕੀਤੇ।
ਸ਼ਹੀਦ ਦੀ ਯਾਦ ’ਚ ਬਣੇ ਯਾਦਗਾਰੀ ਗੇਟ ਦਾ ਉਦਘਾਟਨ
ਨਾਇਬ ਸੂਬੇਦਾਰ ਸ਼ਹੀਦ ਸਤਨਾਮ ਸਿੰਘ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਭੋਜਰਾਜ, ਜ਼ਿਲ੍ਹਾ ਗੁਰਦਾਸਪੁਰ ਵਿੱਚ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਰਿਵਾਰ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਸ਼ਹੀਦ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਯਾਦਗਾਰੀ ਗੇਟ ਨੂੰ ਲੋਕ ਅਰਪਨ ਕੀਤਾ ਗਿਆ। ਕੈਬਨਿਟ ਮੰਤਰੀ ਦੇ ਸਪੁੱਤਰ ਊਦੈਵੀਰ ਸਿੰਘ ਰੰਧਾਵਾ ਨੇ ਇਸ ਮੌਕੇ ਸ਼ਹੀਦ ਦੀ ਯਾਦ ਵਿੱਚ 21 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ, ਉਪਰੰਤ ਸ਼ਹੀਦ ਦੇ ਨਾਂਅ ’ਤੇ 10 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ।