ਪੱਤਰ ਪ੍ਰੇਰਕ
ਭੁਲੱਥ, 17 ਜੁਲਾਈ
ਬੀਤੀ ਰਾਤ ਇੱਕ ਚੋਰ ਗਰੋਹ ਨੇ ਥਾਣਾ ਢਿਲਵਾਂ ਦੇ ਪਿੰਡ ਮਿਰਜਾਪੁਰ ਵਾਸੀ ਕਿਸਾਨ ਮਨਜੀਤ ਸਿੰਘ ਪੁੱਤਰ ਹਜੂਰ ਸਿੰਘ ਮੱਲੀ ਦੀਆਂ ਰਾਤ ਸਮੇਂ 7 ਦੁਧਾਰੂ ਮੱਝਾਂ ਤੇ 1 ਝੋਟਾ ਚੋਰੀ ਕਰ ਲਿਆ। ਇਸ ਘਟਨਾ ਵਿੱਚ ਉਨ੍ਹਾਂ ਦਾ 10 ਲੱਖ ਦਾ ਨੁਕਸਾਨ ਹੋਇਆ ਹੈ। ਢਿਲਵਾਂ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਰਾਤ ਉਹ ਆਪਣੀ ਹਵੇਲੀ ਵਿਚ ਬੱਝੇ ਪਸ਼ੂਆਂ ਦੀ ਦੇਖ-ਭਾਲ ਕਰਕੇ ਘਰ ਚਲੇ ਗਏ। ਸਵੇਰੇ ਤੜਕਸਾਰ 4 ਵਜੇ ਜਦੋਂ ਉਨ੍ਹਾਂ ਆ ਕੇ ਹਵੇਲੀ ’ਤੇ ਝਾਤ ਮਾਰੀ ਤਾਂ 7 ਕੀਮਤੀ ਦੁੱਧ ਦੇਣ ਵਾਲੀਆ ਮੱਝਾਂ ਅਤੇ 1 ਝੋਟਾ ਗਾਇਬ ਸੀ। ਇਸ ਘਟਨਾ ਨਾਲ ਉਨ੍ਹਾਂ ਦਾ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਮੱਝਾਂ ਰੋਜ਼ਾਨਾ 40-45 ਕਿਲੋ ਦੁੱਧ ਦਿੰਦੀਆਂ ਸਨ। ਜਿਸ ਨਾਲ ਪਰਿਵਾਰ ਦਾ ਗੁਜਾਰਾ ਚੱਲਦਾ ਸੀ। ਪਰ ਇਸ ਘਟਨਾ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਵੀ ਉਨ੍ਹਾਂ ਦੇ 15-16 ਪਸ਼ੂ ਕੁਦਰਤੀ ਮਾਰ ਨਾਲ ਮਰ ਗਏ ਸਨ। ਕਾਫੀ ਮਿਹਨਤ ਨਾਲ ਕੰਮ ਰਾਸ ਆਇਆ ਸੀ ਕੀ ਇਹ ਘਟਨਾ ਵਾਪਰ ਗਈ। ਇਸ ਸਬੰਧੀ ਢਿਲਵਾਂ ਪੁਲੀਸ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਆਖਿਆ ਕਿ ਪੁਲੀਸ ਵੱਖ ਵੱਖ ਪਹਿਲੂਆਂ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਚੋਰ ਜਲਦੀ ਹੀ ਕਾਬੂ ਕਰ ਲਏ ਜਾਣਗੇ।