ਐੱਨ.ਪੀ. ਧਵਨ
ਪਠਾਨਕੋਟ, 1 ਸਤੰਬਰ
ਰੇਲਵੇ ਪੁਲ ਦੇ ਟੁੱਟਣ ਨਾਲ ਰੇਲਾਂ ਦਾ ਲੰਘਣਾ ਵੀ ਬੰਦ ਹੋ ਗਿਆ ਅਤੇ ਸੜਕੀ ਪੁਲ ਵੀ ਪ੍ਰਸ਼ਾਸਨ ਨੇ ਫਿਲਹਾਲ ਬੰਦ ਕਰ ਰੱਖਿਆ ਹੈ। ਰੇਲ ਗੱਡੀਆਂ ਨੂੰ ਚਾਲੂ ਕਰਨ ਲਈ ਕੋਈ ਹੱਲ ਕੱਢਣ ਵਾਸਤੇ ਨਾਰਦਰਨ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਵੱਲੋਂ ਚੱਕੀ ਪੁਲ ਦਾ ਦੌਰਾ ਕੀਤਾ ਗਿਆ।
ਦੂਸਰੇ ਪਾਸੇ ਸੜਕੀ ਮਾਰਗ ਵਾਲੇ ਪੁਲ ਨੂੰ ਬਚਾਉਣ ਲਈ ਪੁਲ ਹੇਠਲਾ ਪਾਣੀ ਦਾ ਵਹਾਅ ਬਦਲ ਦਿੱਤਾ ਗਿਆ ਹੈ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਜਿਹੜੇ ਪਿੱਲਰ ਦੀ ਨੀਂਹ ਖਤਰੇ ਹੇਠ ਆਈ ਹੈ, ਉਸ ਪਿੱਲਰ ਕੋਲ ਮਸ਼ੀਨਾਂ ਲਗਾ ਕੇ ਮਿੱਟੀ ਪਾ ਦਿੱਤੀ ਗਈ ਹੈ ਤੇ ਦਰਿਆ ਦਾ ਪਾਣੀ ਦੂਸਰੇ ਪਿੱਲਰਾਂ ਹੇਠੋਂ ਜਾਣਾ ਸ਼ੁਰੂ ਹੋ ਗਿਆ ਹੈ।
ਇਸ ਦੇ ਇਲਾਵਾ ਉਸ ਪਿੱਲਰ ਦੀ ਨੀਂਹ ਦੇ ਆਲੇ-ਦੁਆਲੇ ਪੱਥਰਾਂ ਦੇ ਕਰੇਟ ਬੰਨ੍ਹਣ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਇਹ ਸਾਰਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਅਤੇ ਸੈਨਾ ਦੀ ਵੀ ਮੱਦਦ ਲਈ ਜਾ ਰਹੀ ਹੈ। ਕਰੇਟ ਬੰਨ੍ਹਣ ਬਾਅਦ ਐੱਨਐੱਚਏਆਈ ਦੀ ਟੀਮ ਪੁਲ ਦਾ ਨਿਰੀਖਣ ਕਰੇਗੀ ਅਤੇ ਜੇਕਰ ਅਗਲੇ ਹਫਤੇ ਤੱਕ ਬਾਰਸ਼ ਨਾ ਆਈ ਤਾਂ ਇਹ ਪੁਲ ਆਮ ਜਨਤਾ ਲਈ ਦੁਬਾਰਾ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪੰਜਾਬ-ਹਿਮਾਚਲ ਨੂੰ ਲਿੰਕ ਕਰਦੇ ਚੱਕੀ ਦਰਿਆ ਉੱਪਰ ਰੇਲਵੇ ਦਾ ਪੁਲ 20 ਅਗਸਤ ਨੂੰ ਦਰਿਆ ਵਿੱਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਿਆ ਸੀ। ਉਸ ਪਾਣੀ ਨਾਲ ਰੇਲਵੇ ਪੁਲ ਦੇ ਬਰਾਬਰ ਬਣਿਆ ਹੋਇਆ ਸੜਕੀ ਮਾਰਗ ਵਾਲਾ ਪੁਲ ਵੀ ਖਤਰੇ ਹੇਠ ਆ ਗਿਆ ਸੀ। ਖਤਰੇ ਕਾਰਨ ਸੜਕੀ ਮਾਰਗ ਵਾਲਾ ਪੁਲ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਸੀ।