ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 4 ਮਈ
ਅੱਜ ਬਾਅਦ ਦੁਪਹਿਰ ਤੇਜ਼ ਹਨੇਰੀ ਮਗਰੋਂ ਅਚਾਨਕ ਆਏ ਮੀਂਹ ਤੇ ਗੜ੍ਹਿਆਂ ਨਾਲ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਭਿੱਜ ਗਈ। ਜਾਣਕਾਰੀ ਅਨੁਸਾਰ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਵਿਕਰੀ ਲਈ ਆਈ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੀ ਅਜੈ ਤੁਲਾਈ ਹੋਣੀ ਹੈ, ਨੂੰ ਵੀ ਨੁਕਸਾਨ ਪਹੁੰਚਿਆ। ਇਸ ਸਬੰਧੀ ਗੱਲਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਭਾਵੇਂ ਜ਼ਿਆਦਾਤਰ ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਅਤੇ ਹੁਣ ਇੱਕਾ ਦੁੱਕਾ ਢੇਰੀਆਂ ਹੀ ਵਿਕਰੀ ਲਈ ਆ ਰਹੀਆਂ ਹਨ, ਪਰ ਸਰਕਾਰ ਵਲੋਂ ਬਾਰਦਾਨਾ ਮੁਹੱਈਆ ਨਾ ਕਰਵਾਉਣ ਕਰਕੇ ਤਕਰੀਬਨ ਦੋ ਲੱਖ ਤੋੜੇ ਕਣਕ ਦੀ ਤੁਲਾਈ ਅਜੇ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਤਕਰੀਬਨ 8 ਲੱਖ ਦੇ ਕਰੀਬ ਤੋੜਾ ਕਣਕ ਦੀ ਤੁਲਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੀਂਹ ਆਉਣ ’ਤੇ ਬੇਸ਼ੱਕ ਕਣਕ ਦੇ ਢੇਰ ਅਤੇ ਬੋਰੀਆਂ ਕੁਝ ਤਰਪਾਲਾਂ ਨਾਲ ਢਕ ਲਈਆਂ ਗਈਆਂ, ਪਰ ਫਿਰ ਵੀ ਕਾਫੀ ਕਣਕ ਗਿੱਲੀ ਹੋਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵਲੋਂ ਖਰੀਦੀ ਗਈ ਕਣਕ ਦੀ ਚੁਕਾਈ ਦੀ ਮੱਠੀ ਚਾਲ ਨਾਲ ਮੰਡੀ ਵਿੱਚ ਬੋਰੀਆਂ ਦੀਆਂ ਧਾਕਾਂ ਵੀ ਮੀਂਹ ਨਾਲ ਭਿੱਜ ਗਈਆਂ ਹਨ।
ਝੱਖੜ ਤੇ ਮੀਂਹ ਕਾਰਨ ਕਿਸਾਨ ਤੇ ਆੜ੍ਹਤੀ ਖੱਜਲ-ਖੁਆਰ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਬਲਾਚੌਰ ਤੇ ਆਸ-ਪਾਸ ਦੇ ਇਲਾਕੇ ਵਿੱਚ 95 ਕੁ ਫੀਸਦੀ ਕਣਕ ਵੱਢੀ ਅਤੇ ਕੱਢੀ ਜਾ ਚੁੱਕੀ ਹੈ, ਪਰ ਅੱਜ ਦੇਰ ਸ਼ਾਮ ਅਚਨਚੇਤ ਆਏ ਤੇਜ਼ ਝੱਖੜ ਤੇ ਮੀਂਹ ਨਾਲ ਜਿੱਥੇ ਵੱਢੀ ਹੋਈ ਕਣਕ ਦੀ ਗਹਾਈ ਪੱਛੜ ਗਈ, ਉੱਥੇ ਹੀ ਮੰਡੀਆਂ ਵਿੱਚ ਵਿਕਣ ਲਈ ਪਈ ਕਣਕ ਅਤੇ ਏਜੰਸੀਆਂ ਵਲੋਂ ਖਰੀਦੀ ਹੋਈ ਕਣਕ ਦੀਆਂ ਬੋਰੀਆਂ ਵੀ ਭਿੱਜ ਗਈਆਂ। ਇਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਜਿੱਥੇ ਮੰਡੀਆਂ ‘ਚ ਖੱਜਲ-ਖੁਆਰ ਹੋਣਾ ਪਿਆ, ਉੱਥੇ ਹੀ ਖੇਤਾਂ ‘ਚ ਵੱਢੀ ਹੋਈ ਕਣਕ ਦੇ ਸੱਥਰ ਭਿੱਜਣ ਕਾਰਨ ਗਹਾਈ ਵੀ ਪੱਛੜ ਗਈ ਹੈ।