ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 12 ਜੂਨ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਵਿੱਚ 13 ਜਨਵਰੀ ਦੀ ਰਾਤ ਨੂੰ ਹੋਈ ਡਕੈਤੀ ਦੇ ਮਾਮਲੇ ਵਿੱਚ ਨਾਮਜ਼ਦ 4 ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਐੱਸਐੱਚਓ ਸੁਦੇਸ਼ ਕੁਮਾਰ ਨੇ ਦੱਸਿਆ ਕਿ ਡਕੈਤੀ ਮਾਮਲੇ ਵਿੱਚ ਲੋੜੀਂਦੇ 4 ਵਿਅਕਤੀਆਂ ਨੂੰ ਧਨੋਆ ਪੱਤਣ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 13 ਜਨਵਰੀ ਦੀ ਰਾਤ ਨੂੰ ਕੁਝ ਲੋਕਾਂ ਨੇ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਘਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਨਕਦੀ, ਸੋਨਾ, ਕਾਰ ਅਤੇ ਹੋਰ ਘਰ ਦਾ ਕੀਮਤੀ ਸਾਮਾਨ ਲੁੱਟ ਲਿਆ ਸੀ। ਇਸੇ ਦੌਰਾਨ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਕਹਾਣੀ ਸਾਹਮਣੇ ਆਈ ਹੈ ਕਿ ਪਿੰਡ ਝੰਡਾ ਲੁਬਾਣਾ ਵਾਸੀ ਲਖਵਿੰਦਰ ਸਿੰਘ ਜੋ ਪੀੜਤ ਦਾ ਭਤੀਜਾ ਹੈ, ਨੇ ਪੇਸ਼ੇਵਾਰ ਅਪਰਾਧੀਆਂ ਨੂੰ ਨਾਲ ਲੈ ਕੇ ਵਾਰਦਾਤ ਕੀਤੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਖੋਹੀ ਗਈ ਕਾਰ, ਐਲਈਡੀ, ਮੋਬਾਈਲ ਦੀਆਂ ਸਿੰਮਾਂ ਆਦਿ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੈਪੀ ਵਾਸੀ ਕੋਟ ਕਿਸ਼ਨ ਚੰਦ ਜ਼ਿਲ੍ਹਾ ਜਲੰਧਰ, ਗੁਰਪ੍ਰੀਤ ਗੋਪੀ ਵਾਸੀ ਤਲਵੰਡੀ ਸੱਲਾ, ਲਖਵਿੰਦਰ ਝੰਡਾ ਲੁਬਾਣਾ, ਈਸ਼ੂ ਭਾਰਦਵਾਜ ਅਤੇ ਜਸਵੰਤ ਸਿੰਘ ਵਾਸੀ ਤੱਲ੍ਹਣ ਵਜੋਂ ਹੋਈ ਹੈ।