ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 16 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਦੀ ਅਗਵਾਈ ਵਿੱਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਲੋਕ ਵਿਰੋਧੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਨਵਾਂ ਲੇਬਰ ਕਾਨੂੰਨ ਰੱਦ ਕੀਤਾ ਜਾਵੇ, ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦਾਂ ਨੂੰ ਸਸਤੇ ਭਾਅ ’ਤੇ ਸਾਰੀਆਂ ਲੋੜੀਂਦੀਆਂ ਵਸਤਾਂ ਦਿੱਤੀਆਂ ਜਾਣ, ਫ਼ਸਲਾਂ ਦੀ ਸਰਕਾਰੀ ਖਰੀਦ ਦਾ ਕਾਨੂੰਨ ਬਣਾਇਆ ਜਾਵੇ, ਕਰੋਨਾ ਦੀ ਰੋਕਥਾਮ ਲਈ ਨਵੇਂ ਹਸਪਤਾਲ ਬਣਾਏ ਜਾਣ, ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਅਮਲੇ ਦੀ ਪੱਕੀ ਭਰਤੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮਿਲ ਸਕਣ। ਇਸ ਮੌਕੇ ਕਿਸਾਨ ਆਗੂਆਂ ਨੇ ਮਹਿਲਾ ਕਮਿਸ਼ਨ ਵੱਲੋਂ ਸੂਬਾ ਪ੍ਰਧਾਨ ਨੂੰ ਭੇਜੇ ਨੋਟਿਸ ਦੀ ਨਿਖੇਧੀ ਕੀਤੀ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਮੋਦੀ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਦਿੱਲੀ ਦੀਆਂ ਬਰੂਹਾਂ ’ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਪਿਛਲੇ 6 ਮਹੀਨਿਆਂ ਤੋਂ ਵਿੱਢੇ ਅੰਦੋਲਨ ਨੂੰ ਤਿੱਖਾ ਅਤੇ ਕਾਮਯਾਬ ਕਰਨ ਲਈ ਕੁੱਲ ਹਿੰਦ ਕਿਸਾਨ ਸਭਾ ਦਾ ਵੱਡਾ ਜਥਾ ਟੌਲ ਪਲਾਜ਼ਾ ਕਰਾਵਰ (ਮਜਾਰੀ) ਤੋਂ ਰਵਾਨਾ ਹੋਇਆ। ਇਸ ਮੌਕੇ ਕਾਮਰੇਡ ਮਹਾਂ ਸਿੰਘ ਰੌੜੀ, ਰਾਣਾ ਕਰਨ ਸਿੰਘ, ਬਲਵੀਰ ਸਿੰਘ ਕੌਲਗੜ੍ਹ, ਪ੍ਰੇਮ ਰੱਕੜ ਅਤੇ ਨਿਰਮਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰਾਂ ਮਿਲ ਕੇ ਦੇਸ਼ ਨੂੰ ਬਰਬਾਦ ਕਰ ਰਹੀਆਂ ਹਨ ਅਤੇ ਦਿੱਲੀ ਕਿਸਾਨ ਅੰਦੋਲਨ ਨੂੰ ਕੇਂਦਰ ਦੀ ਮੋਦੀ ਸਰਕਾਰ ਕਰੋਨਾ ਦੇ ਬਹਾਨੇ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਵਾਨਾ ਹੋਣ ਸਮੇਂ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਨਾਮ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਰੌੜੀ, ਰਣਜੀਤ ਰਾਣਾ ਅਤੇ ਮਨੋਹਰ ਸਿੰਘ ਆਦਿ ਆਗੂ ਵੀ ਜਥੇ ਵਿੱਚ ਸ਼ਾਮਲ ਸਨ।